• ਵਿੱਤ ਮੰਤਰੀ ਨੇ ਲੁਧਿਆਣਾ ਵਿਖੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਲਹਿਰਾਇਆ ਤਿਰੰਗਾ; ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਸਿਜਦਾ
• ਸਿੱਖਿਆ, ਸਿਹਤ, ਆਰਥਿਕਤਾ, ਲੋਕ ਭਲਾਈ, ਖੇਤੀਬਾੜੀ ਅਤੇ ਬੁਨਿਆਦੀ ਢਾਂਚੇ ਵਿੱਚ ਪੰਜਾਬ ਨੇ ਹਾਸਲ ਕੀਤੀਆਂ ਵੱਡੀਆਂ ਪ੍ਰਾਪਤੀਆਂ: ਹਰਪਾਲ ਸਿੰਘ ਚੀਮਾ
• ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ
ਚੰਡੀਗੜ੍ਹ /ਲੁਧਿਆਣਾ, 15 ਅਗਸਤ 2026 : ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਵਿੱਤ, ਯੋਜਨਾ, ਟਰਾਂਸਪੋਰਟ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਤਿਰੰਗਾ ਲਹਿਰਾਇਆ ਅਤੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਲਾਲਾ ਲਾਜਪਤ ਰਾਏ ਅਤੇ ਡਾ. ਦੀਵਾਨ ਸਿੰਘ ਕਾਲੇਪਾਣੀ ਸਮੇਤ ਸਾਰੇ ਆਜ਼ਾਦੀ ਘੁਲਾਟੀਆਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਦਾ ਯੋਗਦਾਨ ਸਭ ਤੋਂ ਮੋਹਰੀ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹੀਦਾਂ ਅਤੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਦੀ ਸੋਚ ’ਤੇ ਚੱਲ ਰਹੀ ਹੈ, ਜਿਸ ਤਹਿਤ ਦਫ਼ਤਰਾਂ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਅਤੇ ਮੋਹਾਲੀ ਹਵਾਈ ਅੱਡੇ ’ਤੇ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਤ ਕੀਤਾ ਗਿਆ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਵਾਰਿਸਾਂ ਨੂੰ ਦਿੱਤੀ ਜਾਂਦੀ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਤੋਂ ਵਧਾ ਕੇ 1 ਕਰੋੜ ਰੁਪਏ ਕਰ ਚੁੱਕੀ ਹੈ, ਜਿਸ ਵਿੱਚ ਅਗਨੀਵੀਰ ਅਤੇ ਸ਼ਹੀਦ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਧਰਮੀ ਫ਼ੌਜੀਆਂ ਦੀ ਵਿੱਤੀ ਸਹਾਇਤਾ 12, 000 ਰੁਪਏ ਪ੍ਰਤੀ ਮਹੀਨਾ ਅਤੇ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ 11, 000 ਰੁਪਏ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਵਾਰਸਾਂ ਲਈ ਸਰਕਾਰੀ ਭਰਤੀ ਵਿੱਚ 1% ਰਾਖਵਾਂਕਰਨ ਦਿੱਤਾ ਗਿਆ ਹੈ। ਧਾਰਮਿਕ ਵਿਰਾਸਤ ਨੂੰ ਸੰਭਾਲਦਿਆਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ 100 ਕਰੋੜ ਰੁਪਏ ਰੱਖੇ ਗਏ ਹਨ ਅਤੇ ਡੇਰਾ ਸੱਚਖੰਡ ਬੱਲਾਂ ਵਿਖੇ 37 ਕਰੋੜ ਨਾਲ ਬਾਣੀ ਅਧਿਐਨ ਕੇਂਦਰ ਬਣ ਰਿਹਾ ਹੈ। ਨਾਲ ਹੀ 650 ਏਕੜ ’ਚ ਬਗੀਚੀਆਂ, ਸ਼ੋਭਾ ਯਾਤਰਾਵਾਂ ਅਤੇ ਜਾਗਰੂਕਤਾ ਵੈਨਾਂ ਚਲਾਈਆਂ ਜਾ ਰਹੀਆਂ ਹਨ। ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਉਣ ਸਮੇਤ 'ਹਮਾਰੇ ਰਾਮ' ਵਰਗੇ ਧਾਰਮਿਕ ਨਾਟਕਾਂ ਦੇ ਮੰਚਨ ਅਤੇ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਰਾਹੀਂ 4 ਲੱਖ ਤੋਂ ਵੱਧ ਸ਼ਰਧਾਲੂਆਂ ਵੱਲੋਂ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ ਜਾ ਚੁੱਕੇ ਹਨ।
ਸੂਬਾ ਨਿਵਾਸੀਆਂ ਨੂੰ ਬੇਹਤਰ ਸਹੂਲਤਾਂ ਦੇਣ ਲਈ ਵਿੱਤ ਨੂੰ ਮਜ਼ਬੂਤ ਕਰਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਵਿੱਤੀ ਪੱਖੋਂ ਪੰਜਾਬ ਨੇ ਚਾਲੂ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿੱਚ ਜੀ.ਐਸ.ਟੀ. ਮਾਲੀਏ ਵਿੱਚ 20% ਵਾਧਾ ਦਰਜ ਕੀਤਾ ਹੈ ਅਤੇ ਜੁਲਾਈ ਵਿੱਚ 16.23% ਐਸ.ਜੀ.ਐਸ.ਟੀ ਨਕਦ ਵਾਧਾ ਦੇਸ਼ ਵਿੱਚ ਸਭ ਤੋਂ ਵੱਧ ਰਿਹਾ। ਉਨ੍ਹਾ ਅੱਗੇ ਕਿਹਾ, "ਇਸ ਵਿੱਤੀ ਵਰ੍ਹੇ ਲਈ'ਰੰਗਲਾ ਪੰਜਾਬ ਵਿਕਾਸ ਸਕੀਮ' ਦਾ ਬਜਟ ਵਧਾ ਕੇ 1, 170 ਕਰੋੜ ਰੁਪਏ ਕੀਤਾ ਗਿਆ ਹੈ।"
ਸਿੱਖਿਆ ਕ੍ਰਾਂਤੀ ਦਾ ਜਿਕਰ ਕਰਦਿਆਂ, ਉਨ੍ਹਾਂ ਕਿਹਾ, "ਪੰਜਾਬ ਦੇ ਸਕੂਲਾਂ ਵਿੱਚ ਏ.ਆਈ. ਤੇ ਉੱਦਮਤਾ ਪਾਠਕ੍ਰਮ ਲਾਗੂ ਕੀਤਾ ਗਿਆ ਹੈ। 118 ਸਕੂਲ ਆਫ਼ ਐਮੀਨੈਂਸ ਤਿਆਰ ਕੀਤੇ ਜਾ ਰਹੇ ਹਨ, ਅਧਿਆਪਕਾਂ ਨੂੰ ਸਿੰਗਾਪੁਰ-ਫਿਨਲੈਂਡ ਤੋਂ ਸਿਖਲਾਈ, 15 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਲਈ ਮੁਫ਼ਤ ਬੱਸ ਸੇਵਾ, ਪ੍ਰਾਈਵੇਟ ਸਕੂਲਾਂ ਦੀ ਫੀਸ ਵਾਧੇ 'ਤੇ 5% ਦੀ ਸੀਮਾ ਅਤੇ ਆਈ.ਟੀ.ਆਈ. ਸੀਟਾਂ ਵਧਾ ਕੇ 52, 000 ਕੀਤੀਆਂ ਗਈਆਂ ਹਨ। ਵਿਦਿਆਰਥੀਆਂ ਨੇ ਜੇ.ਈ.ਈ. ਅਤੇ ਨੀਟ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ।"
ਸੂਬੇ ਦੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕਰਨ 'ਤੇ ਜ਼ੋਰ ਦਿੰਦਿਆਂ, ਵਿੱਤ ਮੰਤਰੀ ਚੀਮਾ ਨੇ ਕਿਹਾ, "ਅਪ੍ਰੈਲ 2022 ਤੋਂ ਹੁਣ ਤੱਕ 69, 000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਆਊਟਸੋਰਸ ਮੁਲਾਜ਼ਮਾਂ ਲਈ ਵਿਸ਼ੇਸ਼ ਬਿੱਲ ਪਾਸ ਕੀਤਾ ਗਿਆ ਹੈ। ਮਜ਼ਦੂਰਾਂ ਦੀਆਂ ਉਜਰਤਾਂ ਵਿੱਚ 15% ਵਾਧਾ ਕੀਤਾ ਗਿਆ।"
ਸਿਹਤ ਖੇਤਰ ਵਿਚ ਕੀਤੇ ਉਪਰਾਲਿਆਂ ਬਰ ਦੱਸਦਿਆਂ ਵਿੱਤ ਮੰਤਰੀ ਨੇ ਕਿਹਾ, ' 'ਮੁੱਖ ਮੰਤਰੀ ਸਿਹਤ ਯੋਜਨਾ' ਰਾਹੀਂ 65 ਲੱਖ ਪਰਿਵਾਰਾਂ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁੱਹਈਆ ਕਰਵਾਇਆ ਗਿਆ ਹੈ। 1, 090 ਆਮ ਆਦਮੀ ਕਲੀਨਿਕਾਂ ਤੋਂ 6 ਕਰੋੜ ਲੋਕ ਲਾਭ ਲੈ ਚੁੱਕੇ ਹਨ, 356 ਹਾਈਟੈੱਕ ਐਂਬੂਲੈਂਸਾਂ ਚਲਾਈਆਂ ਗਈਆਂ ਹਨ ਅਤੇ 'ਸੀ.ਐਮ. ਦੀ ਯੋਗਸ਼ਾਲਾ' ਤਹਿਤ ਰੋਜ਼ਾਨਾ 11, 000 ਤੋਂ ਵੱਧ ਕਲਾਸਾਂ ਲੱਗ ਰਹੀਆਂ ਹਨ।"
ਲੋਕ ਭਲਾਈ ਅਤੇ ਖਾਸਕਰ ਮਹਿਲਾ ਸਸ਼ਕਤੀਕਰਨ ਸਬੰਧੀ ਪੰਜਾਬ ਸਰਕਾਰ ਦੇ ਉਪਰਾਲਿਆਂ ਬਰ ਦੱਸਦਿਆਂ, ਵਿੱਤ ਮੰਤਰੀ ਚੀਮਾ ਨੇ ਕਿਹਾ, "'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ 9300 ਕਰੋੜ ਬਜ਼ਟ ਨਾਲ ਮਹਿਲਾਵਾਂ ਨੇ 1000 ਤੋਂ 1500 ਰੁਪਏ ਪ੍ਰਤੀ ਮਹੀਨਾ, ਔਰਤਾਂ ਲਈ ਮੁਫ਼ਤ ਬੱਸ ਸਫ਼ਰ, ਆਸ਼ੀਰਵਾਦ ਸਕੀਮ, 'ਮੇਰੀ ਰਸੋਈ' ਰਾਸ਼ਨ ਕਿੱਟਾਂ, ਫਰਿਸ਼ਤੇ ਸਕੀਮ, 21 ਟੋਲ ਪਲਾਜ਼ੇ ਬੰਦ ਕਰਕੇ ਰਾਹਗੀਰਾਂ ਦੀ ਬੱਚਤ ਅਤੇ 300 ਯੂਨਿਟ ਮੁਫ਼ਤ ਬਿਜਲੀ ਨਾਲ 90% ਘਰਾਂ ਦੇ ਜ਼ੀਰੋ ਬਿੱਲ ਯਕੀਨੀ ਬਣਾਏ ਗਏ ਹਨ।"
ਸੂਬੇ ਦੇ ਮੁੱਖ ਧੰਦੇ ਖੇਤੀਬਾੜੀ ਦੀ ਗੱਲ ਕਰਦਿਆਂ, ਵਿੱਤ ਮੰਤਰੀ ਨੇ ਕਿਹਾ, "ਗੰਨੇ ਦਾ ਦੇਸ਼ ’ਚ ਸਭ ਤੋਂ ਵੱਧ ਭਾਅ 416 ਰੁਪਏ ਦਿੱਤਾ ਗਿਆ, ਨਹਿਰੀ ਸਿੰਚਾਈ ਹੇਠ ਰਕਬਾ ਵਧ ਕੇ 60.30 ਲੱਖ ਏਕੜ ਹੋਇਆ, ਪਰਾਲੀ ਸਾੜਨ 'ਚ 53% ਕਮੀ ਆਈ ਅਤੇ ਟਿਊਬਵੈੱਲ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ।"
ਉਨ੍ਹਾ ਕਿਹਾ ਕਿ ਇਸੇ ਤਰ੍ਹਾਂ ਉਦਯੋਗਿਕ ਖੇਤਰ ਵਿੱਚ 1.83 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ, 13.53 ਲੱਖ ਨਵੇਂ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਰਜਿਸਟਰ ਹੋਏ, ਨਵੀਂ ਉਦਯੋਗਿਕ ਨੀਤੀ 2026 ਲਿਆਂਦੀ ਗਈ ਅਤੇ ਓ.ਟੀ.ਐਸ. ਸਕੀਮ ਦੀ ਮਿਆਦ 30 ਸਤੰਬਰ 2026 ਤੱਕ ਵਧਾਈ ਗਈ।
ਅਮਨ-ਕਾਨੂੰਨ ਤਹਿਤ 'ਯੁੱਧ ਨਸ਼ਿਆਂ ਵਿਰੁੱਧ' ਵਿੱਚ 75, 000 ਤੋਂ ਵੱਧ ਨਸ਼ਾ ਤਸਕਰ ਅਤੇ 'ਗੈਂਗਸਟਰਾਂ ’ਤੇ ਵਾਰ' ਤਹਿਤ 59, 000 ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ ਕਰਨ ਵਰਗੇ ਠੋਸ ਕਦਮਾਂ ਦਾ ਜ਼ਿਕਰ ਕਰਨ ਦੇ ਨਾਲ ਨਾਲ ਵਿੱਤ ਮੰਤਰੀ ਨੇ ਸੜਕ ਸੁਰੱਖਿਆ ਫੋਰਸ ਨਾਲ ਹਾਦਸਿਆਂ ਵਿੱਚ ਮੌਤਾਂ 53% ਘਟਣ ਵਰਗੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾ ਅੱਗੇ ਕਿਹਾ, "ਸਾਡੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਰਾਹੀਂ ਸੈਂਕੜੇ ਭ੍ਰਿਸ਼ਟਾਚਾਰੀਆਂ ਨੂੰ ਸਜ਼ਾਵਾਂ ਦਵਾਈਆਂ ਗਈਆਂ ਹਨ।"
ਵਿੱਤ ਮੰਤਰੀ ਨੇ ਆਪਣੇ ਭਾਸ਼ਣ ਵਿਚ
45, 000 ਕਿਲੋਮੀਟਰ ਸੜਕਾਂ ਦੇ ਨਿਰਮਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦੇ ਨਾਲ ਨਾਲ ਸਰਕਾਰੀ ਬੱਸਾਂ ਦੇ ਬੇੜੇ ਵਿੱਚ 1, 279 ਨਵੀਆਂ ਬੱਸਾਂ, ਏਅਰਪੋਰਟ ਵੋਲਵੋ ਸੇਵਾ ਅਤੇ 56 ਡਿਜੀਟਲ ਟਰਾਂਸਪੋਰਟ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾ ਪ੍ਰਸ਼ਾਸਨਿਕ ਸੁਧਾਰਾਂ ਤਹਿਤ 'ਸਰਕਾਰ ਤੁਹਾਡੇ ਦੁਆਰ' ਰਾਹੀਂ 437 ਘਰ ਬੈਠੇ ਸੇਵਾਵਾਂ, ਈਜ਼ੀ ਰਜਿਸਟਰੀ, ਐਨ.ਓ.ਸੀ. ਤੋਂ ਬਿਨਾਂ ਪਲਾਟ ਰਜਿਸਟਰੀ ਦੀ ਰਾਹਤ, 100% ਪੇਂਡੂ ਘਰਾਂ ਨੂੰ ਪਾਈਪ ਰਾਹੀਂ ਪਾਣੀ ਅਤੇ 14, 200 ਏਕੜ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦਾ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ।
ਖੇਡਾਂ ਦਾ ਬਜਟ ਵਧਾ ਕੇ 1, 744 ਕਰੋੜ ਰੁਪਏ ਕਰਨ ਨੂੰ ਸਰਕਾਰ ਦਾ ਇਕ ਇਤਿਹਾਸਕ ਕਦਮ ਕਰਾਰ ਦਿੰਦਿਆ ਵਿੱਤ ਮੰਤਰੀ ਨੇ ਕਿਹਾ, " ਸਾਡੀ ਸਰਕਾਰ ਵੱਲੋਂ ਖਿਡਾਰੀਆਂ ਨੂੰ ਨਕਦ ਇਨਾਮ ਤੇ ਨੌਕਰੀਆਂ ਦਿੱਤੀਆਂ ਗਈਆਂ, ਕਿਲਾ ਰਾਏਪੁਰ ਦੀਆਂ ਬੈਲ ਗੱਡੀਆਂ ਦੀਆਂ ਦੌੜਾਂ 11 ਸਾਲ ਬਾਅਦ ਮੁੜ ਸ਼ੁਰੂ ਹੋਈਆਂ ਅਤੇ ਪੰਜਾਬ ਵਿੱਚ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਹੋ ਰਹੀ ਹੈ।"
ਲੁਧਿਆਣਾ ਜ਼ਿਲ੍ਹੇ ਦਾ ਵਿਸ਼ੇਸ਼ ਵਰਨਣ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਨਅਤੀ ਸ਼ਹਿਰ ਲੁਧਿਆਣਾ ਦੇ ਵਿਕਾਸ ਨੂੰ ਹੋਰ ਰਫਤਾਰ ਦੇਣ ਲਈ ਇਸ ਸਾਲ ਹਲਵਾਰਾ ਏਅਰਪੋਰਟ ਟਰਮੀਨਲ ਬਿਲਡਿੰਗ ਦੇ ਨਿਰਮਾਣ ਦੇ ਨਾਲ-ਨਾਲ ਹਲਵਾਰਾ ਤੋਂ ਦਿੱਲੀ ਲਈ ਰੋਜ਼ਾਨਾ 2 ਉਡਾਣਾਂ ਦੀ ਸ਼ੁਰੂਆਤ ਵੀ ਸ਼ੁਰੂ ਕੀਤੀ ਗਈ। ਉਨ੍ਹਾ ਕਿਹਾ, "ਲੁਧਿਆਣਾ ਦੇ ਸਕੂਲ ਆਫ਼ ਐਮੀਨੈਂਸ, ਕਿਦਵਈ ਨਗਰ ਅਤੇ ਸਕੂਲ ਆਫ਼ ਐਮੀਨੈਂਸ, ਮਿਲਰ ਗੰਜ ਵਿਦਿਆਰਥੀਆਂ ਨੂੰ ਬਿਹਤਰ ਸਹੂਲਤਾਂ ਅਤੇ ਭਵਿੱਖ-ਕੇਂਦ੍ਰਿਤ ਸਿੱਖਿਆ ਮਾਹੌਲ ਪ੍ਰਦਾਨ ਕਰਦਿਆਂ ਹਰ ਵਰਗ ਦੇ ਵਿਦਿਆਰਥੀਆਂ ਲਈ ਮਿਆਰੀ ਯਕੀਨੀ ਬਣਾ ਰਹੇ ਹਨ।
ਪੀ.ਏ.ਯੂ. ਸਕੂਲ ਅਤੇ ਸਕੂਲ ਆਫ਼ ਐਮੀਨੈਂਸ, ਇੰਦਰਪੁਰੀ ਵਿਖੇ ਰੋਬੋਟਿਕਸ ਲੈਬ ਵਿਦਿਆਰਥੀਆਂ ਨੂੰ ਰੋਬੋਟਿਕਸ, ਕੋਡਿੰਗ ਆਦਿ ਤਕਨੀਕਾਂ ਤੋਂ ਜਾਣੂੰ ਕਰਵਾਕੇ ਉਨ੍ਹਾਂ ਅੰਦਰ ਸਮੱਸਿਆ-ਹੱਲ ਕਰਨ, ਗੁਣਨਾਤਮਕ ਸੋਚ ਅਤੇ ਹੁਨਰ ਨੂੰ ਵਿਕਸਤ ਕਰ ਰਹੀਆਂ ਹਨ।"
ਵਿੱਤ ਮੰਤਰੀ ਨੇ ਕਿਹਾ ਕਿ ਲੁਧਿਆਣਾ ਵਿੱਚ 80 ਨਵੇਂ ਆਮ ਆਦਮੀ ਕਲੀਨਿਕ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 37 ਦਾ ਉਦਘਾਟਨ ਕੀਤਾ ਜਾ ਚੁੱਕਾ ਹੈ ਅਤੇ ਬਾਕੀ 43 ਨੂੰ ਅਗਲੇ 1 ਮਹੀਨੇ ਵਿੱਚ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾ ਕਿਹਾ, "ਸਿਵਲ ਹਸਪਤਾਲ ਲੁਧਿਆਣਾ ਨੇ ਵੱਖ-ਵੱਖ ਅਹਿਮ ਪਹਿਲਕਦਮੀਆਂ ਸਦਕਾ ਕਾਇਆਕਲਪ ਮੁਲਾਂਕਣ ਰੈਂਕਿੰਗ ਵਿੱਚ ਪਹਿਲਾ ਰੈਂਕ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਐਮ.ਸੀ.ਐਚ. ਦਾ ਵਿਸਤਾਰ ਕਰਦਿਆਂ 100 ਹੋਰ ਬਿਸਤਰੇ ਸ਼ਾਮਲ ਕੀਤੇ ਜਾ ਰਹੇ ਹਨ, ਸੀ.ਸੀ.ਯੂ. ਦੀ ਉਸਾਰੀ ਜਾਰੀ ਹੈ ਅਤੇ75 ਹੋਰ ਬਿਸਤਰੇ ਸ਼ਾਮਲ ਕੀਤੇ ਜਾਣਗੇ। ਡੀ.ਐਚ. ਲੁਧਿਆਣਾ ਇਸ ਸਾਲ ਦੇ ਅੰਤ ਤੱਕ 500 ਬਿਸਤਰਿਆਂ ਵਾਲਾ ਹਸਪਤਾਲ ਬਣ ਜਾਵੇਗਾ। ਕੈਂਸਰ ਕੇਅਰ ਯੂਨਿਟ ਸ਼ੁਰੂ ਹੋ ਗਿਆ ਹੈ ਅਤੇ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਦਿੱਤੀ ਜਾ ਰਹੀ ਹੈ।"
ਲੁਧਿਆਣਾ ਵੱਲੋਂ ਲੋਕ ਭਲਾਈ ਅਤੇ ਬੇਹਤਰ ਸਮਾਜ ਪੱਖੀ ਸੂਬਾ ਸਰਕਾਰ ਦੀਆਂ ਯੋਜਨਾਵਾਂ ਵਿੱਚ ਮੱਲਾਂ ਮਾਰਨ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਲੁਧਿਆਣਾ ਵਿੱਚ 5 ਲੱਖ ਤੋਂ ਵੱਧ ਮਹਿਲਾਵਾਂ ਰਜਿਸਟਰ ਹੋਈਆਂ- ਜੋ ਕਿ ਪੰਜਾਬ ਵਿੱਚ ਸਭ ਤੋਂ ਵੱਧ ਹਨ। ਇਸ ਤੋਂ ਇਲਾਵਾ ਪ੍ਰੋਜੈਕਟ ਉਮੀਦ, ਕੈਫੇ ਸਪਾਈਸ, ਸਹਾਇਕ-ਉਪਕਰਣ ਕੈਂਪਾਂ ਅਤੇ ਨਸ਼ਾ ਛੁਡਾਊ ਪਹਿਲਕਦਮੀਆਂ ਸਦਕਾ ਲੁਧਿਆਣਾ ਇੱਕ ਅਜਿਹਾ ਮਾਡਲ ਬਣ ਰਿਹਾ ਹੈ ਜਿੱਥੇ ਵਿਕਾਸ ਸਮਾਜ ਦੇ ਹਰ ਵਰਗ ਤੱਕ ਪਹੁੰਚਾਇਆ ਜਾ ਰਿਹਾ ਹੈ।" ਉਨ੍ਹਾ ਕਿਹਾ ਕਿ ਇਸ ਤੋਂ ਇਲਾਵਾ ਲੁਧਿਆਣਾ ਵਿੱਚ ਇੱਕ ਉੱਚ ਪੱਧਰੀ ਜਿਮ ਦੀ ਸਹੂਲਤ ਦੇਣ ਦੇ ਨਾਲ-ਨਾਲ ਸ਼ਾਸਤਰੀ ਬੈਡਮਿੰਟਨ ਹਾਲ ਦਾ ਨਵੀਨੀਕਰਨ, ਵੇਟਲਿਫਟਿੰਗ ਹਾਲ ਦੀ ਉਸਾਰੀ ਕੀਤੀ ਗਈ ਹੈ। ਸ਼ੂਟਿੰਗ ਰੇਂਜ ਦਾ ਨਵੀਨੀਕਰਨ ਅਗਲੇ 1 ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ ਜਦੋਂ ਕਿ ਅਤਿ-ਆਧੁਨਿਕ ਵਾਲੀਬਾਲ ਇਨਡੋਰ ਹਾਲ ਆਉਂਦੇ 4 ਮਹੀਨਿਆਂ ਵਿੱਚ ਤਿਆਰ ਕੀਤਾ ਜਾਵੇਗਾ।
ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ
ਇਸ ਮੌਕੇ ਹਲਕਾ ਵਿਧਾਇਕ ਮਦਨ ਲਾਲ ਬੱਗਾ, ਜੀਵਨ ਸਿੰਘ ਸੰਗੋਵਾਲ, ਰਜਿੰਦਰਪਾਲ ਕੌਰ ਛੀਨਾ, ਦਲਜੀਤ ਸਿੰਘ ਗਰੇਵਾਲ, ਅਸ਼ੋਕ ਪਰਾਸ਼ਰ ਪੱਪੀ, ਕੁਲਵੰਤ ਸਿੰਘ ਸਿੱਧੂ, ਮੇਅਰ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ, ਚੇਅਰਮੈਨ ਨਵਜੋਤ ਸਿੰਘ ਜਰਗ, ਚੇਅਰਮੈਨ ਤੇਜਪਾਲ ਸਿੰਘ ਗਿੱਲ, ਜ਼ਿਲ੍ਹਾ ਤੇ ਸੈਸ਼ਨ ਜੱਜ ਰਣਧੀਰ ਸਿੰਘ ਰਣਸੀਂਹ, ਡਿਪਟੀ ਕਮਿਸ਼ਨਰ ਪੁਲਿਸ ਜਥੇ. ਸਵਪਨ ਸ਼ਰਮਾ, ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ, ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਖੰਗੂੜਾ ਤੋਂ ਇਲਾਵਾ ਕਈ ਹੋਰ ਹਾਜ਼ਰ ਸਨ।
*BOX*
ਇਸ ਸਮਾਗਮ ਵਿੱਚ ਪਰੇਡ ਕਮਾਂਡਰ ਹਰਸ਼ਪ੍ਰੀਤ ਸਿੰਘ ਪੀ.ਪੀ.ਐਸ ਅਫਸਰ ਦੀ ਅਗਵਾਈ ਵਿੱਚ ਮਾਰਚ ਪਾਸਟ ਵੀ ਹੋਇਆ ਜਿਸ ਵਿੱਚ ਪੰਜਾਬ ਪੁਲਿਸ, ਪੰਜਾਬ ਹੋਮ ਗਾਰਡ, ਐਨ.ਸੀ.ਸੀ ਸਕਾਊਟਸ ਅਤੇ ਹੋਰ ਟੁਕੜੀਆਂ ਸ਼ਾਮਲ ਸਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੁਆਰਾ ਇੱਕ ਜੀਵੰਤ ਮਾਸ ਪੀ.ਟੀ ਪ੍ਰਦਰਸ਼ਨੀ ਅਤੇ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਦੁਆਰਾ ਇੱਕ ਦੇਸ਼ ਭਗਤੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਹਰਪਾਲ ਸਿੰਘ ਚੀਮਾ ਨੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ, ਪੁਲਿਸ ਕਰਮਚਾਰੀਆਂ ਅਤੇ ਪਰੇਡ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਅਪਾਹਜ ਵਿਅਕਤੀਆਂ ਨੂੰ ਟ੍ਰਾਈਸਾਈਕਲ ਅਤੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ।
ਇਸ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਚੀਮਾ ਦਾ ਸਨਮਾਨ ਕੀਤਾ।