- ਸੀਨੀਅਰ ਸਿਟੀਜ਼ਨਾਂ ਦੀ ਸੇਵਾ ਲਈ ਟੋਲ-ਫ੍ਰੀ ਹੈਲਪਲਾਈਨ 14567 ਦਾ ਲਾਭ ਉਠਾਉਣ ਦੀ ਅਪੀਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 09 ਜੁਲਾਈ 2026 (ਹਰਜਿੰਦਰ ਸਿੰਘ ਭੱਟੀ): ਪੰਜਾਬ ਵਿੱਚ ਸੀਨੀਅਰ ਸਿਟੀਜ਼ਨਾਂ ਦੀ ਭਲਾਈ, ਸੁਰੱਖਿਆ ਅਤੇ ਸਨਮਾਨਜਨਕ ਜੀਵਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਐਲਡਰਲਾਈਨ ਹੈਲਪਲਾਈਨ 14567 ਪ੍ਰਭਾਵਸ਼ਾਲੀ ਢੰਗ ਨਾਲ ਕਾਰਜ ਕਰ ਰਹੀ ਹੈ। ਇਸ ਹੈਲਪਲਾਈਨ ਰਾਹੀਂ ਬਜ਼ੁਰਗਾਂ ਨੂੰ ਕਾਨੂੰਨੀ ਮਾਰਗਦਰਸ਼ਨ, ਸਰਕਾਰੀ ਭਲਾਈ ਸਕੀਮਾਂ ਸਬੰਧੀ ਜਾਣਕਾਰੀ, ਕਾਊਂਸਲਿੰਗ, ਸ਼ਿਕਾਇਤਾਂ ਦੇ ਨਿਪਟਾਰੇ ਅਤੇ ਹੋਰ ਲੋੜੀਂਦੀਆਂ ਸਹਾਇਤਾ ਸੇਵਾਵਾਂ ਮੁਫ਼ਤ ਉਪਲਬਧ ਕਰਵਾਈਆਂ ਜਾਂਦੀਆਂ ਹਨ। ਇਸ ਟੋਲ-ਫ੍ਰੀ ਸੇਵਾ ਦਾ ਮੁੱਖ ਉਦੇਸ਼ ਬਜ਼ੁਰਗਾਂ ਨੂੰ ਸੁਰੱਖਿਅਤ, ਸਨਮਾਨਜਨਕ ਅਤੇ ਆਤਮ-ਵਿਸ਼ਵਾਸ ਭਰਿਆ ਜੀਵਨ ਪ੍ਰਦਾਨ ਕਰਨਾ ਹੈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵਦੀਪ ਕੌਰ ਨੇ ਹੈਲਪਲਾਈਨ ਰਾਹੀਂ ਉਪਲਬਧ ਮੁੱਖ ਸੇਵਾਵਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਬਜ਼ੁਰਗ ਨਾਗਰਿਕ ਇਸ ਨੰਬਰ 'ਤੇ ਕਾਲ ਕਰਕੇ ਬੁਢਾਪਾ ਪੈਨਸ਼ਨ, ਸਿਹਤ ਬੀਮਾ, ਬਿਰਧ ਆਸ਼ਰਮਾਂ, ਹਸਪਤਾਲਾਂ ਅਤੇ ਹੋਰ ਭਲਾਈ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਇਸ ਤੋਂ ਇਲਾਵਾ ਮੇਨਟੇਨੈਂਸ ਐਂਡ ਵੈਲਫੇਅਰ ਆਫ਼ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨਜ਼ ਐਕਟ ਅਤੇ ਜਾਇਦਾਦ ਨਾਲ ਸਬੰਧਤ ਮਾਮਲਿਆਂ ਵਿੱਚ ਮੁਫ਼ਤ ਕਾਨੂੰਨੀ ਸਲਾਹ ਅਤੇ ਮਾਰਗਦਰਸ਼ਨ ਦਿੱਤਾ ਜਾਂਦਾ ਹੈ।
ਇਕੱਲੇਪਣ, ਚਿੰਤਾ ਜਾਂ ਮਾਨਸਿਕ ਤਣਾਅ ਨਾਲ ਜੂਝ ਰਹੇ ਬਜ਼ੁਰਗਾਂ ਨੂੰ ਮਾਹਿਰ ਕਾਊਂਸਲਰਾਂ ਵੱਲੋਂ ਕਾਊਂਸਲਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਇਸੇ ਤਰ੍ਹਾਂ ਬੇਸਹਾਰਾ, ਸੜਕਾਂ 'ਤੇ ਰਹਿ ਰਹੇ ਜਾਂ ਅਣਗਹਿਲੀ ਅਤੇ ਅੱਤਿਆਚਾਰ ਦਾ ਸ਼ਿਕਾਰ ਬਜ਼ੁਰਗਾਂ ਨੂੰ ਤੁਰੰਤ ਰਾਹਤ ਮੁਹੱਈਆ ਕਰਵਾ ਕੇ ਸੁਰੱਖਿਅਤ ਥਾਵਾਂ ਜਾਂ ਬਿਰਧ ਆਸ਼ਰਮਾਂ ਤੱਕ ਪਹੁੰਚਾਇਆ ਜਾਂਦਾ ਹੈ।
ਇਹ ਹੈਲਪਲਾਈਨ 14567 ਪੂਰੀ ਤਰ੍ਹਾਂ ਟੋਲ-ਫ੍ਰੀ ਹੈ ਅਤੇ ਹਫ਼ਤੇ ਦੇ ਸਾਰੇ ਦਿਨ ਸਵੇਰੇ 8:00 ਵਜੇ ਤੋਂ ਰਾਤ 8:00 ਵਜੇ ਤੱਕ ਉਪਲਬਧ ਰਹਿੰਦੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਕੋਈ ਵੀ ਬਜ਼ੁਰਗ ਮੁਸੀਬਤ ਵਿੱਚ ਹੋਵੇ ਜਾਂ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੋਵੇ ਤਾਂ ਤੁਰੰਤ 14567 'ਤੇ ਸੰਪਰਕ ਕਰਕੇ ਮਦਦ ਪ੍ਰਾਪਤ ਕੀਤੀ ਜਾਵੇ।