ਪਟਿਆਲਾ: ਨਿਹੰਗ ਸਿੰਘਾਂ ਦੀ ਮੁਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿਸ਼ਾ ਨਿਰਦੇਸ਼ਾਂ ਤੇ ਬੁੱਢਾ ਦਲ ਦੇ ਨਿਹੰਗ ਸਿੰਘਾਂ ਵੱਲੋਂ ਹੜ੍ਹ ਦੇ ਪਾਣੀ ਵਿੱਚ ਘਿਰੀਆਂ ਕਲੌਨੀਆਂ ਵਿੱਚ ਗੁਰੂ ਕਾ ਲੰਗਰ ਤਿਆਰ ਕਰ ਕੇ ਵਾਹਿਗੁਰੂ ਦਾ ਜਾਪ ਕਰਦਿਆਂ ਘਰੋ ਘਰੀ ਪਹੁੰਚਾਉਣ ਦੀ ਸੇਵਾ ਕੀਤੀ ਹੈ।
ਪਟਿਆਲਾ ਸ਼ਹਿਰ ਦੀਆਂ ਜੋ ਕਲੋਨੀਆਂ ਭਾਰੀ ਮੀਂਹ ਤੇ ਹੜ੍ਹਾਂ ਦੀ ਮਾਰ ਵਿੱਚ ਹਨ, ਜੋ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਤੇ ਉਨ੍ਹਾਂ ਦੇ ਘਰਾਂ ਵਿੱਚ ਲੰਗਰ, ਪਾਣੀ ਵੀ ਤਿਆਰ ਨਾ ਹੋ ਸਕਣ ਦੀ ਸੂਰਤ ਵਿੱਚ ਫਰੈਂਡਸ ਕਲੋਨੀ, ਗੋਬਿੰਦ ਬਾਗ਼, ਬਾਬਾ ਦੀਪ ਸਿੰਘ ਕਲੋਨੀ, ਰਿਸ਼ੀ ਕਲੋਨੀ, ਚੋਰਾ ਰੋਡ, ਹੀਰਾ ਬਾਗ਼ ਆਦਿ ਦੇ ਸਥਾਨਾਂ ਤੇ ਬੁੱਢਾ ਦਲ ਦੇ ਸਿੰਘਾਂ ਅਤੇ ਰਣਜੀਤ ਅਖਾੜਾ ਬੁੱਢਾ ਦਲ ਵਿਦਿਆਲਾ ਦੇ ਵਿਦਿਆਰਥੀਆਂ ਨੇ ਤਨਦੇਹੀ ਨਾਲ ਲੰਗਰ ਵਰਤਾਉਣ ਤੇ ਪਹੰੁਚਾਉਣ ਦੀ ਸੇਵਾ ਨਿਭਾਈ ਹੈ।
ਗੁ: ਬਾਬਾ ਬੰਬਾ ਸਿੰਘ ਜੀ ਬਗੀਚੀ ਵਿਖੇ ਬੁੱਢਾ ਦਲ ਵੱਲੋਂ ਲੰਗਰ ਫੁਲਕੇ ਤੇ ਸਬਜ਼ੀਆਂ ਤਿਆਰ ਕੀਤੀਆਂ ਗਈਆਂ ਪੀਣ ਵਾਸਤੇ ਪਾਣੀ ਦਾ ਪ੍ਰਬੰਧ ਕਰਕੇ, ਬਾਬਾ ਰੇਸ਼ਮ ਸਿੰਘ ਮੁਖ ਗ੍ਰੰਥੀ ਗੁ: ਬਾਬਾ ਬੰਬਾ ਸਿੰਘ ਜੀ ਬਗੀਚੀ ਸਾਹਿਬ ਸਮੂਹਿਕ ਵੱਲੋਂ ਅਰਦਾਸ ਕਰਨ ਉਪਰੰਤ ਟਰੈਕਟਰ ਟਰਾਲੀਆਂ ਤੇ ਜੀਪਾਂ ਵਿੱਚ ਘਰ-ਘਰ ਜਾ ਕੇ ਸਿੰਘਾਂ ਨੇ ਬਿਨ੍ਹਾਂ ਕਿਸੇ ਭਿੰਨ ਭੇਦ ਦੇ ਲੋੜਵੰਦਾਂ ਨੂੰ ਲੰਗਰ ਪਹੁੰਚਾਉਣ ਵਿੱਚ ਮਦਦ ਕੀਤੀ ਅਤੇ ਨਾਲ ਪਾਣੀ ਦੀਆਂ ਬੋਤਲਾਂ ਕੱਪ ਵੀ ਸੰਗਤਾਂ ਵਿੱਚ ਵੰਡੇ ਗਏ। ਇਸ ਮੌਕੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਬੁੱਢਾ ਦਲ ਹੜ੍ਹ ਪ੍ਰਭਾਵਤ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਹਰ ਸੰਭਵ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਲਈ ਰਾਹਤ ਕੇਂਦਰ ਬਨਾਏ ਗਏ ਹਨ ਅਤੇ ਬੁੱਢਾ ਦਲ ਦੇ ਸਾਰੇ ਗੁਰੂ ਘਰ ਹੜ੍ਹ ਪ੍ਰਭਾਵਿਤ ਲੋਕਾਂ ਲਈ ਖੁੱਲੇ ਹਨ। ਇਸ ਸੇਵਾ ਦੇ ਕੁੰਭ ਵਿੱਚ ਬਾਬਾ ਰਣਜੋਧ ਸਿੰਘ, ਬਾਬਾ ਦਰਸ਼ਨ ਸਿੰਘ ਗੱਤਕਾ ਮਾਸਟਰ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਬਹਾਦਰ ਸਿੰਘ, ਭਾਈ ਦੀਪ ਸਿੰਘ, ਬਾਬਾ ਦਰਬਾਰਾ ਸਿੰਘ ਭੁੱਲਰ, ਬਾਬਾ ਕੁਲਦੀਪ ਸਿੰਘ, ਬਾਬਾ ਰਮੇਸ਼ ਸਿੰਘ, ਬਾਬਾ ਬਲਵਿੰਦਰ ਸਿੰਘ ਬਿੱਟੂ, ਬਾਬਾ ਕੁਲਦੀਪ ਸਿੰਘ ਆਦਿ ਹਾਜ਼ਰ ਸਨ।