Thursday, May 16, 2024

Punjab

ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਲੋਕਾਂ ਨੂੰ ‘ਕੰਮ ਦੀ ਸਿਆਸਤ’ ਦਾ ਡਟ ਕੇ ਸਮਰਥਨ ਕਰਨ ਦਾ ਸੱਦਾ

PUNJAB NEWS EXPRESS | February 25, 2024 08:55 PM

ਦੀਨਾਨਗਰ ਵਿੱਚ ਸਰਕਾਰ-ਵਪਾਰ ਮਿਲਣੀ ਕਰਵਾਈ
ਭਾੜੇ ’ਤੇ ਫੌਜ ਦੇਣ ਦੀ ਵਿਵਸਥਾ ਲਈ ਕੇਂਦਰ ਸਰਕਾਰ ’ਤੇ ਸਾਧਿਆ ਨਿਸ਼ਾਨਾ, ਦੇਸ਼ ਦੀ ਲੜਾਈ ਲੜ ਰਿਹਾ ਪੰਜਾਬ
ਲੋਕ ਸਭਾ ਮੈਂਬਰ ਵਜੋਂ ਨਖਿੱਧ ਕਾਰਗੁਜ਼ਾਰੀ ਰਹਿਣ ਲਈ ਸੰਨੀ ਦਿਓਲ ਨੂੰ ਆੜੇ ਹੱਥੀਂ ਲਿਆ
ਦੀਨਾਨਗਰ (ਗੁਰਦਾਸਪੁਰ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਅੱਜ ਪੰਜਾਬ ਵਾਸੀਆਂ ਨੂੰ ‘ਕੰਮ ਦੀ ਸਿਆਸਤ’ ਦਾ ਡਟ ਕੇ ਸਮਰਥਨ ਕਰਨ ਦਾ ਸੱਦਾ ਦਿੱਤਾ।
ਅੱਜ ਇੱਥੇ ‘ਸਰਕਾਰ-ਵਪਾਰ ਮਿਲਣੀ’ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦਾ ਸਰਬਪੱਖੀ ਵਿਕਾਸ ਕਰਕੇ ਸੂਬੇ ਦੇ ਮੁਹਾਂਦਰਾ ਬਦਲਣ ਲਈ ਅਣਥੱਕ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਦੂਸ਼ਣਬਾਜ਼ੀ ਕਰਨ ਦੀ ਬਜਾਏ ‘ਕੰਮ ਦੀ ਸਿਆਸਤ’ ਕਰ ਰਹੇ ਹਨ ਤਾਂ ਕਿ ਸੂਬੇ ਦਾ ਵਿਕਾਸ ਕਰਨ ਦੇ ਨਾਲ-ਨਾਲ ਲੋਕਾਂ ਦੀ ਭਲਾਈ ਕੀਤੀ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹਾ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਤਾਂ ਜੋ ਲੋਕਾਂ ਨੂੰ ਇਸ ਦਾ ਲਾਭ ਮਿਲ ਸਕਦਾ।
ਮੁੱਖ ਮੰਤਰੀ ਨੇ ਲੋਕ ਭਲਾਈ ਤੇ ਵਿਕਾਸ ਦੇ ਏਜੰਡੇ ਨੂੰ ਕੌਮੀ ਕੇਂਦਰ ਦੇ ਪੱਧਰ 'ਤੇ ਲਿਜਾਣ ਲਈ 'ਆਪ' ਦੇ ਹੱਥ ਮਜ਼ਬੂਤ ਕਰਨ ਵਾਸਤੇ ਲੋਕਾਂ ਤੋਂ ਭਰਪੂਰ ਸਮਰਥਨ ਅਤੇ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਕੌਮੀ ਸਿਆਸਤ ਦਾ ਕੇਂਦਰ ਬਿੰਦੂ ਬਣਾਉਣ ਦਾ ਸਿਹਰਾ ਅਰਵਿੰਦ ਕੇਜਰੀਵਾਲ ਨੂੰ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਫੁੱਟ ਪਾਊ ਸਿਆਸਤ ਨੂੰ ਨਕਾਰਦਿਆਂ ਕਦਰਾਂ-ਕੀਮਤਾਂ ਉਤੇ ਅਧਾਰਿਤ ਸਿਆਸਤ ਦੀ ਸ਼ੁਰੂਆਤ ਕਰਕੇ ਰਾਜਨੀਤੀ ਵਿੱਚ ਪਰਿਵਰਤਨ ਲਿਆਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਗਾਮੀ ਲੋਕ ਸਭਾ ਚੋਣਾਂ ਵਿੱਚ ‘ਆਪ’ ਦਾ ਸਮਰਥਨ ਕਰਨਾ ਚਾਹੀਦਾ ਹੈ ਜਿਸ ਨਾਲ ਕੌਮੀ ਪੱਧਰ ‘ਤੇ ਇਸ ਦੀ ਮਜ਼ਬੂਤੀ ਨੂੰ ਯਕੀਨੀ ਬਣਾਇਆ ਜਾ ਸਕੇ ਤਾਂ ਜੋ ਉਹ ਪੰਜਾਬ ਦੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾ ਸਕਣ।
ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਵਸਨੀਕ ਹੀ ਅਸਲ ਦੇਸ਼ ਭਗਤ ਹਨ ਕਿਉਂਕਿ ਉਹ ਹਰ ਤਰ੍ਹਾਂ ਨਾਲ ਦੇਸ਼ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਪੱਛੜਿਆ ਇਲਾਕਾ ਨਹੀਂ ਹੈ ਸਗੋਂ ਇਹ ਸੂਬੇ ਦਾ ਪਹਿਲਾ ਇਲਾਕਾ ਹੈ ਜੋ ਦੇਸ਼ ਦੇ ਦੁਸ਼ਮਣਾਂ ਦਾ ਡੱਟ ਕੇ ਮੁਕਾਬਲਾ ਕਰਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਇਸ ਕਸਬੇ ਵਿੱਚ ਅੱਤਵਾਦੀ ਹਮਲਾ ਹੋਇਆ ਸੀ ਤਾਂ ਉਸ ਵੇਲੇ ਉਹ ਸੰਸਦ ਮੈਂਬਰ ਸਨ ਅਤੇ ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਪੈਰਾ ਮਿਲਟਰੀ ਫੋਰਸ ਲਈ 7.5 ਕਰੋੜ ਰੁਪਏ ਦੀ ਮੰਗ ਕਰਨ ਦੇ ਕਦਮ ਦੀ ਜ਼ੋਰਦਾਰ ਮੁਖਾਲਫ਼ਤ ਕੀਤੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਹ ਰਕਮ ਉਨ੍ਹਾਂ ਦੇ ਐਮ.ਪੀ.ਐਲ.ਏ.ਡੀ. ਫੰਡ ਵਿੱਚੋਂ ਕੱਟਣ ਲਈ ਕਿਹਾ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲੈ ਲਿਆ ਸੀ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਫੌਜ ਨੂੰ ਕਿਰਾਏ 'ਤੇ ਅਜਿਹੇ ਸੂਬੇ 'ਚ ਭੇਜਿਆ ਜਾ ਰਿਹਾ ਹੈ, ਜੋ ਦੇਸ਼ 'ਚ ਸਭ ਤੋਂ ਵੱਧ ਸੈਨਿਕ ਪੈਦਾ ਕਰਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਕਾਇਮ ਰੱਖਦੇ ਹੋਏ ਦੇਸ਼ ਦੀ ਜੰਗ ਲੜੀ ਹੈ।
ਮੁੱਖ ਮੰਤਰੀ ਨੇ ਸੂਬੇ ਨੂੰ ਬਰਬਾਦ ਕਰਨ ਲਈ ਵਿਰੋਧੀ ਧਿਰ ਦੇ ਆਗੂਆਂ ਸੁਖਬੀਰ ਬਾਦਲ, ਪ੍ਰਤਾਪ ਬਾਜਵਾ, ਬਿਕਰਮ ਮਜੀਠੀਆ ਅਤੇ ਨਵਜੋਤ ਸਿੱਧੂ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ, “ਕਾਨਵੈਂਟ ਸਕੂਲਾਂ ਦੇ ਪੜ੍ਹੇ-ਲਿਖੇ ਇਹ ਆਗੂ ਪੰਜਾਬੀ ਮਾਂ-ਬੋਲੀ ਦਾ ਉਚਾਰਣ ਤੱਕ ਵੀ ਨਹੀਂ ਕਰ ਸਕਦੇ। ਇਨ੍ਹਾਂ ਲੋਕਾਂ ਨੇ ਆਪਣੇ ਸਵਾਰਥੀ ਹਿੱਤਾਂ ਲਈ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਸਿਰਫ਼ ਆਪਣੇ ਪਰਿਵਾਰ ਦੇ ਮੁਫਾਦ ਪਾਲਣ ਨੂੰ ਤਰਜੀਹ ਦਿੱਤੀ।”
ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ 'ਤੇ ਵਿਅੰਗ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੀ ਇਸ ਡਰਾਮੇਬਾਜ਼ੀ ਦਾ ਅਸਲ ਨਾਮ ‘ਪਰਿਵਾਰ ਬਚਾਓ ਯਾਤਰਾ’ ਹੈ। ਉਨ੍ਹਾਂ ਨੇ ਅਕਾਲੀ ਆਗੂਆਂ ਨੂੰ ਇਹ ਦੱਸਣ ਦੀ ਚੁਣੌਤੀ ਦਿੱਤੀ ਕਿ 15 ਸਾਲ ਸੂਬੇ ਦੀ ਅੰਨ੍ਹੀ ਲੁੱਟ ਕਰਨ ਤੋਂ ਬਾਅਦ ਉਹ ਹੁਣ ਕਿਸ ਤੋਂ ਸੂਬੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਸੂਬੇ ਨੂੰ ਬੇਰਹਿਮੀ ਨਾਲ ਲੁੱਟਿਆ ਹੈ ਅਤੇ ਪੰਜਾਬੀਆਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਅਤੇ ਇੱਥੋਂ ਤੱਕ ਕਿ ਸੂਬੇ ਅੰਦਰ ਮਾਫੀਏ ਦੀ ਪੁਸ਼ਤਪਨਾਹੀ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕ ਅਕਾਲੀਆਂ ਅਤੇ ਬਾਦਲ ਪਰਿਵਾਰ ਦੇ ਦੋਗਲੇ ਕਿਰਦਾਰ ਤੋਂ ਭਲੀ-ਭਾਂਤ ਜਾਣੂ ਹਨ, ਜਿਸ ਕਾਰਨ ਹੁਣ ਇਨ੍ਹਾਂ ਦੀਆਂ ਨੌਟੰਕੀਆਂ ਨਹੀਂ ਚੱਲਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੇ ਸ਼ੱਕੀ ਕਿਰਦਾਰ ਨੂੰ ਨਹੀਂ ਭੁੱਲੇ ਕਿਉਂਕਿ ਅਕਾਲੀਆਂ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਤੋਂ ਇਲਾਵਾ ਸੂਬੇ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਵੀ ਸਰਪ੍ਰਸਤੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਦੇ ਹੱਥ ਪੰਜਾਬ ਅਤੇ ਪੰਜਾਬੀਆਂ ਦੇ ਖੂਨ ਨਾਲ ਰੰਗੇ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਦੇ ਗੁਨਾਹਾਂ ਨੂੰ ਕਦੇ ਮੁਆਫ ਨਹੀਂ ਕਰਨਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਲੋਕ ਇਨ੍ਹਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਹਰਾ ਕੇ ਕਰਾਰਾ ਸਬਕ ਸਿਖਾਉਣ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਪਵਿੱਤਰ ਧਰਤੀ ਦੇ ਇਕ-ਇਕ ਇੰਚ ਨੂੰ ਮਹਾਨ ਗੁਰੂਆਂ, ਸੰਤਾਂ, ਪੀਰਾਂ, ਸ਼ਹੀਦਾਂ ਅਤੇ ਕਵੀਆਂ ਦੀ ਚਰਨ ਛੋਹ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ‘ਵਿਸ਼ਵ ਨਾਗਰਿਕ’ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਆਲਮੀ ਪੱਧਰ ਉਤੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਸਖ਼ਤ ਮਿਹਨਤ ਦੇ ਅਦੁੱਤੀ ਜਜ਼ਬੇ ਦੀ ਬਖਸ਼ਿਸ਼ ਪ੍ਰਾਪਤ ਹੈ ਜਿਸ ਸਦਕਾ ਉਹ ਹਰੇਕ ਥਾਂ ਆਪਣੀ ਪਛਾਣ ਬਣਾ ਲੈਂਦੇ ਹਨ।
ਲੋਕ ਸਭਾ ਮੈਂਬਰ ਸੰਨੀ ਦਿਓਲ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ, “ਫਿਲਮਾਂ ਵਿੱਚ ਤਾਂ ਬਾਲੀਵੁੱਡ ਅਦਾਕਾਰ ਸਰਹੱਦ ਪਾਰ ਕਰਕੇ ਧਰਤੀ ਤੋਂ ਹੈਂਡ ਪੰਪ ਖਿੱਚ ਲੈਂਦੇ ਹਨ ਪਰ ਸੰਸਦ ਮੈਂਬਰ ਵਜੋਂ ਉਨ੍ਹਾਂ ਦੀ ਕਾਰਗੁਜ਼ਾਰੀ ਬਹੁਤ ਨਿਰਾਸ਼ਾਜਨਕ ਰਹੀ ਹੈ ਕਿਉਂਕਿ ਉਹ ਆਪਣੇ ਹਲਕੇ ਵਿੱਚ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਹੈਂਡ ਪੰਪ ਵੀ ਨਹੀਂ ਲਵਾ ਸਕੇ।” ਉਨ੍ਹਾਂ ਕਿਹਾ ਕਿ ਦੂਜੇ ਪਾਸੇ ਪੰਜਾਬ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ 90 ਫੀਸਦੀ ਘਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ, 40 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ ਅਤੇ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਦੀਆਂ ਮਿਆਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਆਰ.ਡੀ.ਐਫ. ਅਤੇ ਐਨ.ਐਚ.ਐਮ. ਤਹਿਤ ਫੰਡਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਦੇ ਇਸ ਪੰਜਾਬ ਵਿਰੋਧੀ ਕਦਮ ਨੂੰ ਸੂਬੇ ਦਾ ਵਿਕਾਸ ਖਤਰੇ ਵਿੱਚ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 8000 ਕਰੋੜ ਰੁਪਏ ਤੋਂ ਵੱਧ ਦੇ ਫੰਡਾਂ ਨੂੰ ਗਲਤ ਤਰੀਕੇ ਨਾਲ ਰੋਕਿਆ ਹੋਇਆ ਹੈ, ਜੋ ਕਿ ਸੂਬੇ ਨਾਲ ਸਰਾਸਰ ਬੇਇਨਸਾਫ਼ੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਹਰਾ ਕੇ ਸਬਕ ਸਿਖਾਉਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ‘ਸਰਕਾਰ-ਵਪਾਰ ਮਿਲਣੀ’ ਵਜੋਂ ਆਪਣੀ ਕਿਸਮ ਦੀ ਇਸ ਪਹਿਲੀ ਪਹਿਲਕਦਮੀ ਦਾ ਉਦੇਸ਼ ਵਪਾਰਕ ਭਾਈਚਾਰੇ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਕੇ ਪੁਰਾਤਨ ਸ਼ਾਨ ਬਹਾਲ ਕਰਨ ਵੱਲ ਇਹ ਇਕ ਸਾਰਥਕ ਕਦਮ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਦਯੋਗ ਅਤੇ ਵਪਾਰ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ ਜਿਸ ਕਰਕੇ ਇਸ ਨੂੰ ਹੁਲਾਰਾ ਦਿੱਤਾ ਜਾਣਾ ਚਾਹੀਦਾ ਹੈ।

Have something to say? Post your comment

google.com, pub-6021921192250288, DIRECT, f08c47fec0942fa0

Punjab

ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਮੰਗਾਂ ਨੂੰ ਲੈ ਕੇ ਪੱਤਰਕਾਰਾਂ ਨੇ ਕੀਤਾ ਸਰਕਾਰ ਖਿਲਾਫ ਰੋਸ ਮਾਰਚ, ਤੱਗੜ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕੀਤਾ ਜਾਵੇ

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ