- ਆਪ ਨੇ ਪੰਜਾਬ ਨੂੰ ਹਨੇਰੇ ਵਿੱਚ ਧੱਕਣ ਦਾ ਇੱਕ ਹੋਰ ਸ਼ਰਮਨਾਕ ਰਿਕਾਰਡ ਆਪਣੇ ਨਾਂ ਕੀਤਾ
- ਕਿਹਾ, ਲੋਕਾਂ ਨੂੰ ਆਪਣੇ ਘਰਾਂ ਵਿੱਚ ਚਾਨਣ ਲਈ ਮੋਮਬੱਤੀਆਂ ਦਾ ਸਹਾਰਾ ਲੈਣਾ ਪੈ ਰਿਹਾ
ਲੁਧਿਆਣਾ, 12 ਸਤੰਬਰ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਸੱਚਮੁੱਚ ਹਨੇਰੇ ਵਿੱਚ ਧੱਕਣ ਦਾ ਇੱਕ ਹੋਰ ਸ਼ਰਮਨਾਕ ਰਿਕਾਰਡ ਹਾਸਲ ਕਰ ਲਿਆ ਹੈ, ਜਿੱਥੇ 12 ਤੋਂ 18 ਘੰਟੇ ਲੰਬੇ ਬਿਜਲੀ ਕੱਟ ਲੱਗ ਰਹੇ ਹਨ ਅਤੇ ਲੋਕਾਂ ਨੂੰ ਆਪਣੇ ਘਰਾਂ ਨੂੰ ਚਾਨਣ ਕਰਨ ਲਈ ਮੋਮਬੱਤੀਆਂ ਦੀ ਵਰਤੋਂ ਕਰਨੀ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਦਾ ਬਿਜਲੀ ਸੰਕਟ ਹੋਰ ਡੂੰਘਾ ਹੋ ਗਿਆ ਹੈ, ਜਿਸ ਵਿੱਚ ਕਿਸਾਨ ਝੋਨੇ ਦੀਆਂ ਫ਼ਸਲਾਂ ਨੂੰ ਬਚਾਉਣ ਲਈ ਜੂਝ ਰਹੇ ਹਨ, ਉਦਯੋਗ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਪਿੰਡਾਂ ਵਿੱਚ ਲੰਬੇ ਬਿਜਲੀ ਕੱਟ ਦੇਖਣ ਨੂੰ ਮਿਲ ਰਹੇ ਹਨ।
ਵੜਿੰਗ ਨੇ ਕਿਹਾ ਕਿ ਸਥਿਤੀ ਬਹੁਤ ਨਾਜ਼ੁਕ ਦੌਰ 'ਤੇ ਪਹੁੰਚ ਚੁੱਕੀ ਹੈ ਕਿਉਂਕਿ ਪੰਜਾਬ ਵਿੱਚ ਬਿਜਲੀ ਦੀ ਸਿਖ਼ਰਲੀ ਮੰਗ ਲਗਭਗ 16, 000 ਮੈਗਾਵਾਟ ਹੈ, ਜਦੋਂ ਕਿ ਉਤਪਾਦਨ ਸਿਰਫ਼ 4, 000 ਮੈਗਾਵਾਟ ਦੇ ਕਰੀਬ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵੱਲੋਂ ਬਾਹਰੋਂ ਲਗਭਗ 11, 500 ਮੈਗਾਵਾਟ ਬਿਜਲੀ ਖ਼ਰੀਦਣ ਦੇ ਬਾਵਜੂਦ, ਮੰਗ ਅਤੇ ਉਪਲੱਬਧਤਾ ਵਿਚਕਾਰਲਾ ਪਾੜਾ ਲਗਾਤਾਰ ਵੱਡੀ ਦਿੱਕਤ ਦਾ ਕਾਰਨ ਬਣ ਰਿਹਾ ਹੈ।
ਪੀਸੀਸੀ ਪ੍ਰਧਾਨ ਨੇ ਝੋਨੇ ਦੇ ਅਹਿਮ ਸੀਜ਼ਨ ਦੌਰਾਨ ਖੇਤੀਬਾੜੀ 'ਤੇ ਬਿਜਲੀ ਦੀ ਘਾਟ ਦੇ ਪੈ ਰਹੇ ਪ੍ਰਭਾਵ ਨੂੰ ਉਜਾਗਰ ਕਰਦਿਆਂ ਕਿਹਾ, “ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਸੁੱਕ ਰਹੀਆਂ ਹਨ ਅਤੇ ਝੋਨਾ ਮੁਰਝਾ ਚੁੱਕਾ ਹੈ।”
ਉਨ੍ਹਾਂ ਕਿਹਾ ਕਿ ਕਿਸਾਨ ਸਿੰਚਾਈ ਵਾਲੇ ਪੰਪ ਚਲਾਉਣ ਲਈ ਮਹਿੰਗੇ ਡੀਜ਼ਲ ਜਨਰੇਟਰਾਂ 'ਤੇ ਨਿਰਭਰ ਹੋਣ ਲਈ ਮਜਬੂਰ ਹਨ, ਜਿਸ ਨਾਲ ਅਜਿਹੇ ਸਮੇਂ ਉਨ੍ਹਾਂ ਦੀ ਲਾਗਤ ਵਧ ਰਹੀ ਹੈ ਜਦੋਂ ਉਹ ਪਹਿਲਾਂ ਹੀ ਖੇਤੀਬਾੜੀ ਦੇ ਵਧਦੇ ਖ਼ਰਚਿਆਂ ਦਾ ਸਾਹਮਣਾ ਕਰ ਰਹੇ ਹਨ।
ਕਾਂਗਰਸੀ ਆਗੂ ਨੇ ਪੰਜਾਬ ਦੇ ਉਦਯੋਗਿਕ ਖੇਤਰ 'ਤੇ ਪੈ ਰਹੇ ਇਸ ਸੰਕਟ ਦੇ ਅਸਰ 'ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਉਦਯੋਗਾਂ ਨੂੰ ਰਾਤ 8 ਵਜੇ ਤੋਂ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ, ਜਦਕਿ ਰਿਹਾਇਸ਼ੀ ਖੇਤਰਾਂ ਵਿੱਚ ਬਿਜਲੀ ਕੱਟ ਆਮ ਹੋ ਗਏ ਹਨ ਅਤੇ ਲੰਬੇ ਸਮੇਂ ਦੇ ਕੱਟਾਂ ਕਾਰਨ ਘਰਾਂ ਵਿੱਚ ਇਨਵਰਟਰ ਵੀ ਜਵਾਬ ਦੇ ਰਹੇ ਹਨ।
ਵੜਿੰਗ ਅਨੁਸਾਰ, ਇਸ ਸਥਿਤੀ ਨੇ ਖ਼ਾਸ ਕਰਕੇ ਪੇਂਡੂ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿੱਥੇ ਪਿੰਡਾਂ ਵਿੱਚ ਵਾਰ-ਵਾਰ ਬਿਜਲੀ ਬੰਦ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਬਿਜਲੀ ਸਪਲਾਈ ਵਿੱਚ ਵਿਘਨ ਪੈਣਾ, ਜਦੋਂ ਕਿਸਾਨਾਂ ਨੂੰ ਸਿੰਚਾਈ ਲਈ ਬਿਜਲੀ ਦੀ ਲੋੜ ਹੁੰਦੀ ਹੈ, ਖੜ੍ਹੀਆਂ ਝੋਨੇ ਦੀਆਂ ਫ਼ਸਲਾਂ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟਾਂ ਦੀ ਇੱਕ-ਇੱਕ ਯੂਨਿਟ ਬੰਦ ਪਈ ਹੈ, ਜਿਸ ਨਾਲ ਮੰਗ ਪੂਰੀ ਕਰਨ ਦੀ ਸੂਬੇ ਦੀ ਸਮਰੱਥਾ ਹੋਰ ਸੀਮਤ ਹੋ ਗਈ ਹੈ।
ਵੜਿੰਗ ਨੇ ਕਿਹਾ ਕਿ ਰਾਜਪੁਰਾ ਥਰਮਲ ਪਲਾਂਟ ਕੋਲ ਸਿਰਫ਼ ਸੱਤ ਦਿਨਾਂ ਦਾ ਕੋਲਾ ਸਟਾਕ ਹੈ, ਜਦਕਿ ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਲਗਭਗ ਚਾਰ ਦਿਨਾਂ ਦਾ ਹੀ ਕੋਲਾ ਬਚਿਆ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਬਿਜਲੀ ਦੀ ਮੌਸਮੀ ਮੰਗ ਵਿੱਚ ਹੋਏ ਵਾਧੇ ਲਈ ਢੁਕਵੀਂ ਤਿਆਰੀ ਕਰਨ ਵਿੱਚ ਅਸਫ਼ਲ ਰਹੀ ਹੈ ਅਤੇ ਉਨ੍ਹਾਂ ਮੰਗ ਕੀਤੀ ਕਿ ਖੇਤੀਬਾੜੀ, ਉਦਯੋਗ ਅਤੇ ਘਰੇਲੂ ਵਰਤੋਂ ਲਈ ਨਿਰਵਿਘਨ ਬਿਜਲੀ ਸਪਲਾਈ ਬਹਾਲ ਕਰਨ ਵਾਸਤੇ ਤੁਰੰਤ ਕਦਮ ਚੁੱਕੇ ਜਾਣ।