ਚੰਡੀਗੜ੍ਹ, 28 ਅਪ੍ਰੈਲ 2026: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਉੱਘੀਆਂ ਅਤੇ ਵਿਲੱਖਣ ਸ਼ਖਸੀਅਤਾਂ ਨੂੰ ਭਾਰਤ ਵਿਭੂਸ਼ਣ ਸਨਮਾਨ 2026 ਪ੍ਰਦਾਨ ਕੀਤਾ। ਇਨ੍ਹਾਂ ਪ੍ਰਸਿੱਧ ਸ਼ਖਸੀਅਤਾਂ ਨੂੰ ਇੰਸਟੀਚਿਊਟ ਫਾਰ ਸੋਸ਼ਲ ਰਿਫਾਰਮਜ਼ ਐਂਡ ਹਾਇਰ ਐਜੂਕੇਸ਼ਨ ਚੈਰੀਟੇਬਲ ਟਰੱਸਟ (ਆਈ.ਐਸ.ਆਰ.ਐਚ.ਈ.) ਨੇ ਭਾਰਤ ਵਿਭੂਸ਼ਣ ਸਨਮਾਨ 2026 ਲਈ ਚੁਣਿਆ ਹੈ। ਇਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਸਨ।
ਉਨ੍ਹਾਂ ਨੇ ਵਿਭਿੰਨ ਖੇਤਰਾਂ ਵਿੱਚ ਆਪਣੇ ਯੋਗਦਾਨ ਰਾਹੀਂ ਸੇਵਾ ਅਤੇ ਸਮਰਪਣ ਦੀਆਂ ਬੇਮਿਸਾਲ ਉਦਾਹਰਣਾਂ ਸਥਾਪਤ ਕਰਨ ਲਈ ਇਸ ਪੁਰਸਕਾਰ ਵਾਸਤੇ ਚੁਣੀਆਂ ਗਈਆਂ ਉੱਘੀਆਂ ਅਤੇ ਵਿਲੱਖਣ ਸ਼ਖਸੀਅਤਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਇਸ ਵਿਸ਼ੇਸ਼ ਸਮਾਰੋਹ ਦੇ ਆਯੋਜਨ ਲਈ ਇੰਸਟੀਚਿਊਟ ਫਾਰ ਸੋਸ਼ਲ ਰਿਫਾਰਮਜ਼ ਐਂਡ ਹਾਇਰ ਐਜੂਕੇਸ਼ਨ ਚੈਰੀਟੇਬਲ ਟਰੱਸਟ ਦੇ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਇਹ ਸਨਮਾਨ ਪ੍ਰਾਪਤ ਕਰਨ ਵਾਲਿਆਂ ਨੂੰ ਦਿਲੋਂ ਵਧਾਈਆਂ ਵੀ ਦਿੱਤੀਆਂ।
ਉਨ੍ਹਾਂ ਅੱਗੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਅਤੇ ਸਨਮਾਨ ਦਾ ਪਲ ਹੈ ਕਿ ਉਹ ਸਭ ਤੋਂ ਯੋਗ ਸ਼ਖਸੀਅਤਾਂ ਨੂੰ 'ਭਾਰਤ ਵਿਭੂਸ਼ਣ ਸਨਮਾਨ 2026' ਪ੍ਰਦਾਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਮੰਚ ‘ਤੇ ਅਜਿਹੀਆਂ ਬੇਮਿਸਾਲ ਸ਼ਖਸੀਅਤਾਂ ਨੂੰ 'ਭਾਰਤ ਵਿਭੂਸ਼ਣ ਸਨਮਾਨ' ਵਰਗੇ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਸੱਚਮੁੱਚ ਸਾਡੇ ਸਾਰਿਆਂ ਲਈ ਇੱਕ ਪ੍ਰੇਰਨਾਦਾਇਕ ਪਲ ਹੈ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਪੁਰਸਕਾਰ ਵੰਡ ਸਮਾਰੋਹ ਨਹੀਂ ਹੈ ਬਲਕਿ ਇਹ ਭਾਰਤ ਦੇ ਬੇਮਿਸਾਲ ਹੁਨਰ ਅਤੇ ਅਟੁੱਟ ਸਮਰਪਣ ਨੂੰ ਵੀ ਦਰਸਾਉਂਦਾ ਹੈ। ਸਾਡੇ ਸਤਿਕਾਰਯੋਗ ਗੁਰੂਆਂ ਨੇ ਸਾਨੂੰ 'ਸਰਬੱਤ ਦਾ ਭਲਾ' (ਸਾਰਿਆਂ ਦੀ ਭਲਾਈ) ਦਾ ਰਾਹ ਦਿਖਾਇਆ ਹੈ।
ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਇੱਥੇ ਸਨਮਾਨਿਤ ਕੀਤੀਆਂ ਜਾ ਰਹੀਆਂ ਸ਼ਖਸੀਅਤਾਂ ਨੇ ਨਿਰਸਵਾਰਥ ਸੇਵਾ ਨੂੰ ਆਪਣੇ ਜੀਵਨ ਦਾ ਅੰਤਮ ਉਦੇਸ਼ ਬਣਾਇਆ ਹੈ। ਇਹ ਉੱਘੇ ਵਿਅਕਤੀ ਆਪੋ-ਆਪਣੇ ਖੇਤਰਾਂ ਵਿੱਚ ਮੋਹਰੀ ਹੋਣ ਦੇ ਨਾਲ-ਨਾਲ ਵੱਡੇ ਪੱਧਰ 'ਤੇ ਸਮਾਜ ਲਈ ਪ੍ਰੇਰਨਾਦਾਇਕ ਵੀ ਹਨ। ਉਨ੍ਹਾਂ ਅੱਗੇ ਕਿਹਾ ਕਿ ਸਿੱਖਿਆ, ਵਿਗਿਆਨ, ਕਲਾ, ਸਾਹਿਤ, ਸਮਾਜ ਸੇਵਾ, ਉਦਯੋਗ ਜਾਂ ਕਿਸੇ ਹੋਰ ਖੇਤਰ ਦਾ ਹਿੱਸਾ ਹੋਣ ਦੇ ਨਾਤੇ ਸਾਰਿਆਂ ਨੇ ਆਪਣੀ ਅਣਥੱਕ ਮਿਹਨਤ, ਸਮਰਪਣ ਅਤੇ ਦੂਰਦਰਸ਼ਤਾ ਦੁਆਰਾ ਸਮਾਜ, ਸੂਬੇ ਅਤੇ ਦੇਸ਼ ਲਈ ਨਾਮਣਾ ਖੱਟਿਆ ਹੈ।
ਸਪੀਕਰ ਸੰਧਵਾਂ ਨੇ ਕਿਹਾ ਕਿ ਤੁਹਾਡੀਆਂ ਪ੍ਰਾਪਤੀਆਂ ਤੋਂ ਸਾਬਤ ਹੁੰਦਾ ਹੈ ਕਿ ਸੱਚੇ ਜਜ਼ਬੇ ਅਤੇ ਵਚਨਬੱਧਤਾ ਨਾਲ ਕੋਈ ਵੀ ਟੀਚਾ ਸਰ ਕੀਤਾ ਜਾ ਸਕਦਾ ਹੈ। ਤੁਸੀਂ ਨਾ ਸਿਰਫ਼ ਨਿੱਜੀ ਸਫਲਤਾ ਹਾਸਲ ਕੀਤੀ ਸਗੋਂ ਸਮਾਜ ਅਤੇ ਰਾਸ਼ਟਰ ਦੋਵਾਂ ਦੇ ਵਿਕਾਸ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ।
ਉਨ੍ਹਾਂ ਨੇ ਅੱਜ ਦੇ ਸਮਾਰੋਹ ਦੇ ਪ੍ਰਬੰਧਕ, ਆਈਐਸਐਚਆਰਈ ਨਾਲ ਜੁੜੀਆਂ ਸਾਰੀਆਂ ਉੱਘੀਆਂ ਸ਼ਖਸੀਅਤਾਂ ਨੂੰ ਅਜਿਹੇ ਸਫਲ ਸਮਾਗਮ ਕਰਵਾਉਣ ਲਈ ਤਹਿ ਦਿਲੋਂ ਵਧਾਈ ਦਿੱਤੀ।
ਉਨ੍ਹਾਂ ਸੰਸਥਾ ਦੇ ਇਸ ਸ਼ਲਾਘਾਯੋਗ ਯਤਨ ਲਈ ਧੰਨਵਾਦ ਕੀਤਾ ਜੋ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਅਤੇ ਪਿਛੋਕੜਾਂ ਵਾਲੇ ਹੁਨਰਮੰਦਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਦੀ ਹੈ ਅਤੇ "ਅਨੇਕਤਾ ਵਿੱਚ ਏਕਤਾ" ਦੀ ਸਾਡੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਸਮੂਹਿਕ ਯਤਨ ਅਤੇ ਸਫਲਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗਦਰਸ਼ਕ ਵਜੋਂ ਕੰਮ ਕਰਦੀ ਹੈ।
ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬੇਹੱਦ ਸੁਭਾਗਾ ਹੈ ਕਿ ਦੇਸ਼ ਨੂੰ ਆਈਐਸਐਚਆਰਈ ਵਰਗੇ ਸਮਾਜਿਕ ਤੌਰ 'ਤੇ ਚੇਤੰਨ ਸੰਗਠਨ ਦੀ ਨਿਰਸਵਾਰਥ ਸੇਵਾ ਤੋਂ ਲਾਭ ਪ੍ਰਾਪਤ ਹੁੰਦਾ ਹੈ। ਇਹ ਸੰਸਥਾ ਨਾ ਸਿਰਫ਼ ਸਾਡੇ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ, ਔਰਤਾਂ ਅਤੇ ਬੱਚਿਆਂ ਨੂੰ ਉੱਤਮ ਸੇਵਾਵਾਂ ਪ੍ਰਦਾਨ ਕਰਦੀ ਹੈ ਸਗੋਂ ਸਿੱਖਿਆ, ਸਿਹਤ ਸੰਭਾਲ, ਜਾਨਵਰਾਂ ਦੀ ਭਲਾਈ, ਤਕਨਾਲੋਜੀ, ਮੀਡੀਆ ਅਤੇ ਸਾਹਿਤ ਸਮੇਤ ਸਮਾਜ ਦੇ ਲਗਭਗ ਹਰ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਹੁਨਰਮੰਦ ਵਿਅਕਤੀਆਂ ਦੀ ਪਛਾਣ ਕਰਨ ਅਤੇ ਸਨਮਾਨਿਤ ਕਰਨ ਲਈ ਵੀ ਪੂਰੀ ਤਰ੍ਹਾਂ ਸਮਰਪਿਤ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਈਐਸਐਚਆਰਈ ਦੇ ਮੈਂਬਰ ਆਪਣੇ-ਆਪਣੇ ਖੇਤਰਾਂ ਵਿੱਚ ਉੱਤਮਤਾ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹਦੇ ਰਹਿਣਗੇ ਅਤੇ ਦੇਸ਼ ਦਾ ਸਿਰ ਉੱਚਾ ਕਰਦੇ ਰਹਿਣਗੇ।
ਇਨਾਮ ਵੰਡ ਸਮਾਰੋਹ ਦੌਰਾਨ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਵਿਧਾਇਕ ਇੰਦਰਜੀਤ ਕੌਰ ਮਾਨ, ਵਿਧਾਇਕ ਇੰਦਰਬੀਰ ਸਿੰਘ ਨਿੱਝਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਅਧਿਆਤਮਿਕ ਗੁਰੂ ਸਵਾਮੀ ਬ੍ਰਹਮ ਮੁਨੀ ਜੀ ਹਾਜ਼ਰ ਸਨ।
ਸਪੀਕਰ ਸੰਧਵਾਂ ਨੇ ਅਧਿਆਤਮਿਕ ਗੁਰੂ ਬ੍ਰਹਮ ਮੁਨੀ ਜੀ ਨੂੰ ਲੋਹੀ ਅਤੇ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ। ਇਸ ਤੋਂ ਇਲਾਵਾ ਆਈਐਸਐਚਆਰਈ ਨੇ ਵੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਸਕੱਤਰ ਪੰਜਾਬ ਵਿਧਾਨ ਸਭਾ ਨੂੰ ਲੋਹੀ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ।
ਸਮਾਰੋਹ ਦੇ ਅਖੀਰ ਵਿੱਚ, ਉਨ੍ਹਾਂ ਨੇ ਇੱਕ ਵਾਰ ਫਿਰ ਸਾਰੇ ਪੁਰਸਕਾਰ ਜੇਤੂਆਂ ਨੂੰ ਤਹਿ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।