ਸੰਘਰਸ਼ ਕਮੇਟੀ ਨੇ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਦੇ ਬਿਆਨ ਦਾ ਗੰਭੀਰ ਨੋਟਿਸ ਲਿਆ
ਮਸਤੂਆਣਾ ਸਾਹਿਬ: ਮਸਤੂਆਣਾ ਸਾਹਿਬ ਵਿਖੇ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਉਸਾਰੀ ਦੇ ਰਾਹ ਵਿੱਚ ਆ ਰਹੇ ਅੜਿੱਕਿਆਂ ਨੂੰ ਖਤਮ ਕਰਨ ਲਈ, ਮਸਤੂਆਣਾ ਸਾਹਿਬ ਦੇ ਬੱਸ ਸਟੈਂਡ 'ਤੇ ਲੱਗੇ ਹੋਏ ਪੱਕੇ ਮੋਰਚੇ ਦੇ 41ਵੇਂ ਦਿਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸੰਘਰਸ਼ ਕਮੇਟੀ ਮਸਤੂਆਣਾ ਸਾਹਿਬ ਦੇ ਕਨਵੀਨਰ ਸਾਹਿਬ ਸਿੰਘ ਬਡਬਰ, ਸੱਤ ਮੈਂਬਰੀ ਕਮੇਟੀ ਦੇ ਮੈਂਬਰ ਮਨਦੀਪ ਸਿੰਘ ਲਿੱਦੜਾਂ ਤੇ ਜਗਤਾਰ ਸਿੰਘ ਦੁੱਗਾਂ ਨੇ ਅੱਜ ਦੇ ਅਖ਼ਬਾਰਾਂ ਵਿੱਚ ਛਪੇ, ਵਿਨਰਜੀਤ ਸਿੰਘ ਗੋਲਡੀ ਦੇ ਬਿਆਨ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਗੋਲਡੀ ਨੂੰ ਸੰਗਤਾਂ ਨਾਲ ਸਟੇਜ ਤੋਂ ਕੀਤੇ ਆਪਣੇ ਵਾਅਦੇ ਉੱਤੇ ਕਾਇਮ ਰਹਿਣਾ ਚਾਹੀਦਾ ਹੈ ਅਤੇ ਉਸ ਵਾਅਦੇ ਦੀ ਭਾਵਨਾ ਮੁਤਾਬਕ ਹੀ ਬਿਆਨ ਦੇਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਗੋਲਡੀ ਦਾ ਇਹ ਕਹਿਣਾ ਕਿ "ਪੰਜਾਬ ਸਰਕਾਰ, ਨੈਸ਼ਨਲ ਹਾਈਵੇ ਉੱਤੇ ਪਈ ਸਰਕਾਰੀ ਜ਼ਮੀਨ ਉੱਤੇ ਹੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਕਿਉਂ ਨਹੀਂ ਬਣਾਉਂਦੀ", ਇਹ ਕਹਿਣ ਦੇ ਬਰਾਬਰ ਹੈ ਕਿ ਗੁਰਦੁਆਰਾ ਅੰਗੀਠਾ ਸਾਹਿਬ ਦੀ ਕਮੇਟੀ ਵੱਲੋਂ ਦਾਨ ਵਜੋਂ ਦਿੱਤੀ ਹੋਈ 25 ਏਕੜ ਜ਼ਮੀਨ ਉੱਤੇ ਸਰਕਾਰੀ ਕਾਲਜ ਅਤੇ ਹਸਪਤਾਲ ਬਣਾਉਣਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਗੋਲਡੀ ਵੱਲੋਂ ਇਹ ਕਹਿਣਾ ਕਿ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਸ ਕੀਤੇ ਮਤੇ ਅਤੇ ਕੀਤੇ ਪੱਤਰ-ਵਿਹਾਰ ਦਾ ਸਾਰਥਕ ਜੁਆਬ ਦੇਵੇ ਦਾ ਇਹ ਅਰਥ ਹੈ ਕਿ ਪੰਜਾਬ ਸਰਕਾਰ ਇਸ ਵਿਵਾਦਤ ਜ਼ਮੀਨ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲਕੀ ਮੰਨ ਕੇ ਉਸ ਤੋਂ ਜ਼ਮੀਨ ਮੰਗੇ।
ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਗੋਲਡੀ ਗੱਡੇ ਨਾਲ ਕੱਟਾ ਨਾ ਬੰਨ੍ਹੇ ਤੇ ਇਸ ਗੱਲ ਨੂੰ ਸਮਝ ਲਵੇ ਕਿ ਵਿਵਾਦਤ ਜ਼ਮੀਨ ਦੀ ਪੰਜਾਬ ਸਰਕਾਰ ਦੇ ਨਾਮ 'ਤੇ ਰਜਿਸਟਰੀ ਹੋਣ ਤੋਂ ਬਾਅਦ ਇੰਤਕਾਲ ਵੀ ਹੋ ਚੁੱਕਾ ਹੈ, ਅਜਿਹੀ ਹਾਲਤ ਵਿੱਚ ਕੋਈ ਮੂਰਖ਼ ਹੀ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜ਼ਮੀਨ ਮੰਗਣ ਦੀ ਸਲਾਹ ਦੇ ਸਕਦਾ ਹੈ। ਅੱਜ ਪੱਕੇ ਮੋਰਚੇ ਵਿੱਚ ਸ਼ਾਮਲ ਸੰਗਤਾਂ ਨੂੰ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਬੱਗੂਆਣਾ, ਰਾਜਿੰਦਰ ਸਿੰਘ ਲਿੱਦੜਾਂ, ਦਰਬਾਰਾ ਸਿੰਘ ਨਾਗਰਾ, ਜਸਵਿੰਦਰ ਸਿੰਘ ਜੱਸੀ ਚੰਗਾਲ, ਮੱਘਰ ਸਿੰਘ ਉਭਾਵਾਲ, ਜਸਦੀਪ ਸਿੰਘ ਬਹਾਦਰਪੁਰ, ਮੱਖਣ ਸਿੰਘ ਦੁੱਗਾਂ, ਗੁਰਪਿਆਰ ਸਿੰਘ ਲੌਂਗੋਵਾਲ, ਬਿੱਕਰ ਸਿੰਘ ਬਹਾਦਰਪੁਰ, ਮਾਸਟਰ ਅਜੈਬ ਸਿੰਘ ਨੇ ਵੀ ਸੰਬੋਧਨ ਕੀਤਾ।