- ਝੂਠੇ ਤੇ ਆਧਾਰਹੀਣ ਬਿਰਤਾਂਤ ਸਿਰਜਣ ਤੋਂ ਗੁਰੇਜ਼ ਕਰੋ ਨਹੀਂ ਤਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ: ਅਰਸ਼ਦੀਪ ਸਿੰਘ ਕਲੇਰ, ਅਮਰਦੀਪ ਸਿੰਘ ਧਾਰਨੀ
ਚੰਡੀਗੜ੍ਹ, 3 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ 2027 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਪੰਜਾਬ ਨੂੰ ਦਰਪੇਸ਼ ਅਸਲ ਮੁੱਦਿਆਂ ’ਤੇ ਲੜਨ ਅਤੇ ਝੂਠੀ ਤੇ ਆਧਾਰਹੀਣ ਦੂਸ਼ਣਬਾਜ਼ੀ ਤੋਂ ਗੁਰੇਜ਼ ਕਰਨ ਨਹੀਂ ਤਾਂ ਉਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅਮਰਦੀਪ ਸਿੰਘ ਧਾਰਨੀ ਦੀ ਅਗਵਾਈ ਹੇਠ ਬਣਾਈ ਸਬ ਕਮੇਟੀ ਸੋਸ਼ਲ ਮੀਡੀਆ ’ਤੇ ਚਰਿੱਤਰ ਹਨਣ ਲਈ ਲਗਾਏ ਜਾਣ ਵਾਲੇ ਸਾਰੇ ਆਧਾਰਹੀਣ ਦੋਸ਼ਾਂ ਦੇ ਮਾਮਲੇ ਵੇਖੇਗੀ। ਕਲੇਰ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਝੂਠੇ ਤੇ ਕੂੜ ਪ੍ਰਚਾਰ ਦੇ ਮਾਮਲਿਆਂ ਲਈ ਇਹ 12 ਮੈਂਬਰੀ ਸਬ ਕਮੇਟੀ ਬਣਾਈ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਝੂਠੇ ਤੇ ਕੂੜ ਪ੍ਰਚਾਰ ਵਿਚ ਲੱਗੇ ਲੋਕਾਂ ਦੇ ਖਿਲਾਫ ਮਾਣਹਾਨੀ ਦੇ ਕੇਸ ਕੀਤੇ ਜਾਣਗੇ।
ਐਡਵੋਕੇਟ ਕਲੇਰ ਅਤੇ ਐਡਵੋਕੇਟ ਧਾਰਨੀ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਹਦਾਇਤਾਂ ਕੀਤੀਆਂ ਹਨ ਕਿ ਇਹ ਕਮੇਟੀ ਸਾਰੇ ਪੇਜ, ਵੈਬਸਾਈਟਾਂ, ਚੈਨਲਾਂ ਅਤੇ ਮੀਡੀਆ ਤੇ ਸੋਸ਼ਲ ਮੀਡੀਆ ਦੇ ਸਾਰੇ ਸਰੋਤ ਨਿਯਮਿਤ ਤੌਰ ’ਤੇ ਚੈਕ ਕਰੇ। ਉਹਨਾਂ ਇਹ ਵੀ ਦੱਸਿਆ ਕਿ ਆਉਂਦੇ ਦਿਨਾਂ ਵਿਚ ਜ਼ਿਲ੍ਹਾ ਪੱਧਰ ’ਤੇ ਵੀ ਅਜਿਹੀਆਂ ਟੀਮਾਂ ਦਾ ਗਠਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਐਡਵੋਕੇਟ ਪਰਮਜੀਤ ਸਿੰਘ ਬਰਾੜ ਤੇ ਗੁਰਵੀਰ ਸਿੰਘ ਸਿੱਧੂ ਨੂੰ ਇਸ ਪੈਨਲ ਵਿਚ ਸਪੈਸ਼ਲਲ ਇਨਵਾਇਟੀ ਵਜੋਂ ਸ਼ਾਮਲ ਕੀਤਾ ਗਿਆ ਹੈ।
ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਕੋਈ ਡਿਜੀਟਲ ਚੈਨਲ ਜਾਂ ਬਰੋਡਕਾਸਟਰ ਅਜਿਹੀ ਕੋਈ ਖਬਰ ਨਸ਼ਰ ਕਰਨਾ ਚਾਹੁੰਦਾ ਹੈ ਤਾਂ ਉਹ ਪਹਿਲਾਂ ਸਬੰਧਤ ਵਿਅਕਤੀਆਂ ਜਾਂ ਉਹਨਾਂ ਦੇ ਪ੍ਰਤੀਨਿਧਾਂ ਕੋਲੋਂ ਅਜਿਹੇ ਬਿਆਨਾਂ ’ਤੇ ਹਸਤਾਖ਼ਰ ਕਰਵਾਵੇ।
ਉਹਨਾਂ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਝੂਠੇ ਬਿਰਤਾਂਤ ਸਿਰਜਣ ਅਤੇ ਚਰਿੱਤਰ ਹਨਣ ਦੀਆਂ ਆਦਿ ਹਨ। ਉਹਨਾਂ ਕਿਹਾ ਕਿ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ ’ਤੇ ਅਸੀਂ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਜੋ ਮਰਜ਼ੀ ਨਹੀਂ ਬੋਲ ਸਕਦੇ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਨੋਟਿਸਾਂ ਦਾ ਸਾਹਮਣਾ ਕਰਨ ਤੇ ਫੌਜਦਾਰੀ ਮਾਣਹਾਨੀ ਦੇ ਕੇਸਾਂ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ।
ਇਸ ਮੌਕੇ ਕਮੇਟੀ ਮੈਂਬਰ ਜਸਪ੍ਰੀਤ ਸਿੰਘ ਬਰਾੜ, ਰਵੀ ਰਾਣਾ, ਕੇ ਐਸ ਮਥਾੜੂ, ਰਵਿੰਦਰ ਸਿੰਘ ਸਾਂਪਲਾ, ਪੁਨੀਤਇੰਦਰ ਸਿੰਘ ਕੰਗ, ਰਮਨਦੀਪ ਕੌਰ ਭੱਠਲ, ਮਨਪ੍ਰੀਤ ਸਿੰਘ ਧਾਲੀਵਾਲ ਅਤੇ ਅਰਸ਼ਦੀਪ ਸਿੰਘ ਸਰਾਂ ਵੀ ਹਾਜ਼ਰ ਸਨ।