- ਕਾਰੋਬਾਰੀ ਮਾਮਲੇ ਨੂੰ ਰਾਜਪਾਲ ਕੋਲ ਉਠਾਵਾਂਗੇ- ਰਵਨੀਤ ਸਿੰਘ ਬਿੱਟੂ
- ਪੀੜਤ ਕਾਰੋਬਾਰੀ ਦੇ ਪਰਿਵਾ ਦੀ ਸਰੁੱਖਿਆ ਯਕੀਨੀ ਬਣਾਈ ਜਾਵੇ – ਜੰਗੀ ਲਾਲ ਮਹਾਜਨ
ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਮੁਕੇਰੀਆਂ ਦੇ ‘ਜ਼ੈਲਦਾਰ ਇਨੋਵੇਸ਼ਨ’ ਦੇ ਕਾਰੋਬਾਰੀ ਨੂੰ ਧਮਕਾਉਣ ਦੀ ਵਾਇਰਲ ਵੀਡੀਓ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਭਾਰਤੀ ਜਨਤਾ ਪਾਰਟੀ ਨੇ ਰਾਜਪਾਲ ਕੋਲ ਚੁੱਕਣ ਦਾ ਐਲਾਨ ਕੀਤਾ ਹੈ।
ਚੰਡੀਗੜ੍ਹ ਵਿਚਲੇ ਪੰਜਾਬ ਭਾਜਪਾ ਦੇ ਪਾਰਟੀ ਦਫ਼ਤਰ ਵਿੱਚ ਪੀੜਤ ਕਾਰੋਬਾਰੀ ਮਲਕੀਤ ਸਿੰਘ ਨੂੰ ਮੀਡੀਆ ਅੱਗੇ ਪੇਸ਼ ਕਰਦਿਆਂ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਮਾਮਲਾ ਪੰਜਾਬ ਦੇ ਰਾਜਪਾਲ ਕੋਲ ਉਠਾਇਆ ਜਾਵੇਗਾ, ਨਾਲ ਹੀ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਮੁਕੇਰੀਆਂ ਦੇ ਭਾਜਪਾ ਵਿਧਾਇਕ ਵਿਧਾਇਕ ਜੰਗੀ ਲਾਲ ਮਹਾਜਨ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਜੋ ਕੰਮ ਲਾਲਜੀਤ ਭੁੱਲਰ ਨੇ ਅੰਮ੍ਰਿਤਸਰ ਵਿੱਚ ਕੀਤਾ, ਉਹੀ ਹਰਦੀਪ ਸਿੰਘ ਮੁੰਡੀਆ ਮੁਕੇਰੀਆਂ ਵਿੱਚ ਕਰ ਰਿਹਾ ਹੈ। ਫ਼ਰਕ ਸਿਰਫ਼ ਇਹ ਹੈ ਕਿ ਲਾਲਜੀਤ ਭੁੱਲਰ ਤੋਂ ਤੰਗ ਆ ਕੇ ਡੀਐੱਮ ਗਗਨਦੀਪ ਰੰਧਾਵਾ ਨੇ ਖੁਦਕਸ਼ੀ ਕਰ ਲਈ, ਪਰ ਮਲਕੀਤ ਸਿੰਘ ਨੇ ਮੈਦਾਨ ਵਿੱਚ ਨਿਤਰਨ ਦਾ ਫ਼ੈਸਲਾ ਕਰ ਲਿਆ ਹੈ। ਇਸ ਲਈ ਭਾਜਪਾ ਸਣੇ ਸੂਬੇ ਵਿੱਚ ਸਰਕਾਰ ਖਿਲਾਫ਼ ਬੋਲ਼ਣ ਵਾਲੇ ਲੋਕ ਇਸ ਕਾਰੋਬਾਰੀ ਪਰਿਵਾਰ ਨਾਲ ਖੜ੍ਹੇ ਹਨ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਬਾਹਰੋਂ ਨਿਵੇਸ਼ ਲਿਆਉਣ ਦੇ ਦਮਗਜੇ ਮਾਰ ਰਹੀ ਹੈ, ਦੂਜੇ ਪਾਸੇ ਪੰਜਾਬ ਦੀ ਮਿੱਟੀ ਵਿੱਚੋਂ ਉੱਠ ਕੇ ਕਾਰੋਬਾਰ ਕਰਨ ਅਤੇ ਨੌਕਰੀਆਂ ਦੇ ਮੌਕੇ ਪੈਦਾ ਕਰਨ ਵਾਲੇ ਕਾਰੋਬਾਰੀਆਂ ਨੂੰ ਧਮਕਾ ਕੇ ਉਗਰਾਹੀਆਂ ਕਰ ਰਹੀ ਹੈ। ਇਹ ਲੁੱਟ ਦਾ ਸਾਰਾ ਮਾਲ ਦਿੱਲੀ ਪਹੁੰਚਾਇਆ ਜਾ ਰਿਹਾ ਹੈ।
ਕਾਰੋਬਾਰੀ ਦੇ ਇਲਜ਼ਾਮ :
ਇਸ ਮੌਕੇ ਕਾਰੋਬਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਹਰਦੀਪ ਮੁੰਡੀਆ ਦੇ ਜ਼ੱਦੀ ਪਿੰਡ ਹਯਾਤਪੁਰ ਕੋਟਲੀ ਦਾ ਰਹਿਣ ਵਾਲਾ ਹੈ, ਉਸ ਦਾ ਵਿਸ਼ੇਸ਼ ਤਕਨੀਕ ਨਾਲ ਟਰਾਲੀਆਂ ਬਣਾਉਣ ਦਾ ਕਾਰੋਬਾਰ ਹੈ।
ਉਸ ਕੋਲ਼ੋ ਮੁੰਡੀਆ ਨੇ ਕਰੀਬ ਸਾਲ ਪਹਿਲਾਂ ਸਾਢੇ 6 ਲੱਖ ਦੀ ਟਰਾਲੀ ਬਣਵਾਈ ਪਰ ਪੈਸੇ ਨਹੀਂ ਦਿੱਤੇ। ਜਦੋਂ ਉਸ ਨੇ ਪੈਸੇ ਮੰਗੇ ਤਾਂ ਮੰਤਰੀ ਨੇ ਉਲਟਾ ਉਸ ਦੇ ਕਾਰੋਬਾਰ ਵਿੱਚ ਆਪਣਾ ਹਿੱਸਾ ਪਾਉਣ ਲਈ ਦਬਾਅ ਪਾਇਆ। ਉਨ੍ਹਾਂ ਦੱਸਿਆ ਕਿ ਹਰਦੀਪ ਸਿੰਘ ਮੁੰਡੀਆ ਦੇ ਦਬਾਅ ਹੇਠ ਉਸ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਲੈ ਕੇ ਵੱਖ-ਵੱਖ ਮਹਿਕਮਿਆਂ ਤੋਂ ਨੋਟਿਸ ਕਢਵਾਏ ਜਾ ਰਹੇ ਹਨ ਅਤੇ ਉਸ ਦਾ ਕਾਰੋਬਾਰ ਬੰਦ ਕਰਵਾਉਣ ਦੀ ਕੋਸ਼ਿਸ਼ ਹੋ ਰਹੀ ਹੈ।
ਉਨ੍ਹਾਂ ਦੇ ਪਰਿਵਾਰ ਦੀ ਜਾਨ-ਮਾਲ ਨੂੰ ਖ਼ਤਰਾ ਹੈ, ਉਨ੍ਹਾਂ ਨੂੰ ਗੈਂਗਸਟਰਾਂ ਤੋਂ ਧਮਕੀਆਂ ਦੁਆਈਆਂ ਜਾ ਰਹੀਆਂ ਹਨ, ਉਸ ਦੇ ਭਰਾ ਉੱਤੇ ਹਮਲਾ ਹੋ ਚੁੱਕਾ ਹੈ, ਪਰ ਕੇਸ ਦਰਜ ਕਰਵਾਉਣ ਦੇ ਬਾਵਜੂਦ ਪੁਲਿਸ ਕਾਰਵਾਈ ਨਹੀਂ ਕਰ ਰਹੀ।
ਪੀੜਤ ਕਾਰੋਬਾਰੀ ਨੇ ਇਲਜ਼ਾਮ ਲਾਇਆ ਕਿ ਹਾਲਾਤ ਇੰਨੇ ਖ਼ਰਾਬ ਹਨ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਤੱਕ ਨਹੀਂ ਭੇਜ ਪਾ ਰਹੇ, ਉਹ ਆਪ ਵੀ ਜਨਤਕ ਤੌਰ ਉੱਤੇ ਕਿਤੇ ਨਹੀਂ ਜਾ ਸਕਦੇ। ਪਤਾ ਨਹੀਂ ਉਨ੍ਹਾਂ ਉੱਤੇ ਕਦੋਂ ਹਮਲਾ ਹੋ ਜਾਵੇ, ਇਹ ਕਹਿੰਦਿਆਂ ਉਹ ਪ੍ਰੈਸ ਕਾਨਫਰੰਸ ਦੌਰਾਨ ਹੀ ਰੋ ਪਏ।