ਪਟਿਆਲਾ: ਪੰਜਾਬ ਦੀ ਧਰਤੀ ਉਤੇ ਪਹਿਲੀ ਵਾਰ ਖੇਡੇ ਜਾਣ ਵਾਲੇ ਹਾਕੀ ਟੂਰਨਾਮੈਂਟ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦੇ ਟਰਾਫ਼ੀ ਟੂਰ ਦਾ ਪਟਿਆਲਾ ਪੁੱਜਣ ‘ਤੇ ਭਰਵਾਂ ਸਵਾਗਤ ਕੀਤਾ ਗਿਆ। ਰਾਤ ਪੋਲੋ ਗਰਾਊਂਡ ਵਿਖੇ ਠਹਿਰਨ ਉਪਰੰਤ ਅੱਜ ਇਸ ਨੂੰ ਸ਼ਾਨ-ਓ-ਸ਼ੌਕਤ ਨਾਲ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ।
ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਮੌਕੇ ਦ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ, ਉਲੰਪੀਅਨ ਅਤੇ ਅਰਜੁਨਾ ਐਵਾਰਡੀ (ਹਾਕੀ) ਡਾ. ਰੂਪਾ ਸੈਣੀ, ਯੂਨੀਵਰਸਿਟੀ ਦੇ ਡਾਇਰੈਕਟਰ ਡਾ. ਅਮਰਪ੍ਰੀਤ ਸਿੰਘ ਅਤੇ ਫਿਜ਼ੀਕਲ ਕਾਲਜ ਦੀ ਪ੍ਰਿੰਸੀਪਲ ਹਰਮਨਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਇਸ ਦੌਰਾਨ ਪੋਲੋ ਗਰਾਊਂਡ, ਪਟਿਆਲਾ ਵਿਖੇ ਪੋਲੋ ਗਰਾਊਂਡ ਦੀ ਹਾਕੀ ਟੀਮ ਅਤੇ ਦ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦੀ ਹਾਕੀ ਟੀਮ ਵਿਚਕਾਰ ਮੈਚ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਪੋਲੋ ਗਰਾਊਂਡ, ਪਟਿਆਲਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਦੀ ਟੀਮ ਨੂੰ 1-0 ਦੇ ਫ਼ਰਕ ਨਾਲ ਹਰਾਇਆ।
ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਇਸ ਟਰਾਫ਼ੀ ਟੂਰ ਦਾ ਉਦੇਸ਼ ਪੰਜਾਬ ਵਿੱਚ ਹੋਣ ਜਾ ਰਹੇ ਵੱਕਾਰੀ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਪ੍ਰਤੀ ਖੇਡ ਪ੍ਰੇਮੀਆਂ ਵਿੱਚ ਉਤਸ਼ਾਹ ਪੈਦਾ ਕਰਨਾ ਅਤੇ ਨੌਜਵਾਨਾਂ ਨੂੰ ਹਾਕੀ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਹੈ।ਉਨ੍ਹਾਂ ਕਿਹਾ ਕਿ ਸੂਬੇ ਭਰ ਦਾ ਇਹ ਟੂਰ 26 ਅਕਤੂਬਰ ਨੂੰ ਜਲੰਧਰ ਵਿਖੇ ਸਮਾਪਤ ਹੋਵੇਗਾ।
ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਪੰਜਾਬ ਵਿੱਚ ਕਰਵਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੂਬੇ ਦੇ ਹਾਕੀ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ 27 ਅਕਤੂਬਰ ਤੋਂ 5 ਨਵੰਬਰ, 2026 ਤੱਕ ਹੋਣ ਵਾਲੇ ਇਸ ਵੱਕਾਰੀ ਟੂਰਨਾਮੈਂਟ ਦੇ ਮੁਕਾਬਲੇ ਜਲੰਧਰ ਅਤੇ ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਕਰਵਾਏ ਜਾਣਗੇ। ਜਲੰਧਰ ਵਿਖੇ 27 ਅਕਤੂਬਰ ਤੋਂ 2 ਨਵੰਬਰ ਤੱਕ ਛੇ ਦੇਸ਼ਾਂ ਦੀਆਂ ਟੀਮਾਂ ਦੇ ਲੀਗ ਮੁਕਾਬਲੇ ਹੋਣਗੇ, ਜਦਕਿ ਮੋਹਾਲੀ ਵਿਖੇ 4 ਨਵੰਬਰ ਨੂੰ ਦੋਵੇਂ ਸੈਮੀਫਾਈਨਲ ਅਤੇ 5 ਨਵੰਬਰ ਨੂੰ ਤੀਜੇ ਸਥਾਨ ਲਈ ਮੁਕਾਬਲਾ ਅਤੇ ਫਾਈਨਲ ਖੇਡਿਆ ਜਾਵੇਗਾ।
ਇਸ ਟੂਰਨਾਮੈਂਟ ਵਿੱਚ ਭਾਰਤ, ਬੰਗਲਾਦੇਸ਼, ਜਾਪਾਨ, ਚੀਨ, ਦੱਖਣੀ ਕੋਰੀਆ ਅਤੇ ਮਲੇਸ਼ੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ।
ਉਨ੍ਹਾਂ ਕਿਹਾ ਕਿ ਅਜਿਹੇ ਕੌਮਾਂਤਰੀ ਮੁਕਾਬਲੇ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨਗੇ।
ਇਸ ਮੌਕੇ ਉਲੰਪੀਅਨ ਰੂਪਾ ਸੈਣੀ ਨੇ ਕਿਹਾ ਕਿ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੂਬੇ ਨੂੰ ਅਜਿਹੇ ਵੱਕਾਰੀ ਹਾਕੀ ਮੁਕਾਬਲੇ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ।ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਨੇ ਇਹ ਖ਼ਿਤਾਬ ਚਾਰ ਵਾਰ ਆਪਣੇ ਨਾਂ ਕੀਤਾ ਹੈ ਅਤੇ ਇੱਕ ਵਾਰ ਸਾਂਝੇ ਤੌਰ ’ਤੇ ਜਿੱਤਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਵਾਰ ਵੀ ਮੁਕਾਬਲੇ ਬੇਹੱਦ ਰੋਮਾਂਚਕ ਹੋਣਗੇ ਅਤੇ ਭਾਰਤੀ ਟੀਮ ਮੁੜ ਇਤਿਹਾਸ ਸਿਰਜੇਗੀ।
ਓਲੰਪੀਅਨ ਨੇ ਕਿਹਾ ਕਿ ਪੰਜਾਬ ਵਿੱਚ ਦੁਨੀਆ ਦੀਆਂ ਨਾਮਵਰ ਹਾਕੀ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਦਾ ਸਫ਼ਲ ਆਯੋਜਨ ਪੰਜਾਬ ਵਿੱਚ ਭਵਿੱਖ ਵਿੱਚ ਹੋਰ ਵੱਡੇ ਕੌਮਾਂਤਰੀ ਹਾਕੀ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਨਵੇਂ ਰਾਹ ਖੋਲ੍ਹੇਗਾ।
ਉਨ੍ਹਾਂ ਕਿਹਾ ਕਿ ਟਰਾਫ਼ੀ ਟੂਰ ਨੌਜਵਾਨਾਂ ਨੂੰ ਹਾਕੀ ਵੱਲ ਆਕਰਸ਼ਿਤ ਕਰੇਗਾ ਅਤੇ ਉਨ੍ਹਾਂ ਨੂੰ ਟੈਲੀਵਿਜ਼ਨ ਦੀ ਬਜਾਏ ਸਟੇਡੀਅਮ ਵਿੱਚ ਜਾ ਕੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਸਿੱਧਾ ਦੇਖਣ ਲਈ ਪ੍ਰੇਰਿਤ ਕਰੇਗਾ।