ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ਿਆਈ ਖੇਡਾਂ ਦੇ ਸੈਮੀਫਾਈਨਲ ਵਿੱਚ ਬੰਗਲਾਦੇਸ਼ ਨੂੰ 114 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ੈਫਾਲੀ ਵਰਮਾ ਦੇ ਨਾਬਾਦ ਸੈਂਕੜੇ ਦੀ ਬਦੌਲਤ 20 ਓਵਰਾਂ ਵਿੱਚ 4 ਵਿਕਟਾਂ ’ਤੇ 195 ਦੌੜਾਂ ਬਣਾਈਆਂ। ਜਵਾਬ ਵਿੱਚ ਬੰਗਲਾਦੇਸ਼ ਦੀ ਪੂਰੀ ਟੀਮ 15.4 ਓਵਰਾਂ ਵਿੱਚ 81 ਦੌੜਾਂ ’ਤੇ ਆਲਆਊਟ ਹੋ ਗਈ।
ਸ਼ੈਫਾਲੀ ਵਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 49 ਗੇਂਦਾਂ ’ਤੇ ਨਾਬਾਦ 100 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿੱਚ 9 ਚੌਕੇ ਅਤੇ 3 ਛੱਕੇ ਸ਼ਾਮਲ ਰਹੇ। ਸ਼ੈਫਾਲੀ ਨੇ ਕਪਤਾਨ ਹਰਮਨਪ੍ਰੀਤ ਕੌਰ ਨਾਲ ਤੀਜੀ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਕੀਤੀ।
ਗੇਂਦਬਾਜ਼ੀ ਵਿੱਚ ਦੀਪਤੀ ਸ਼ਰਮਾ ਅਤੇ ਨੰਦਨੀ ਸ਼ਰਮਾ ਨੇ 3-3 ਵਿਕਟਾਂ ਹਾਸਲ ਕੀਤੀਆਂ, ਜਦਕਿ ਸ਼੍ਰੀ ਚਰਾਨੀ ਨੂੰ 2 ਵਿਕਟਾਂ ਮਿਲੀਆਂ। ਭਾਰਤੀ ਗੇਂਦਬਾਜ਼ਾਂ ਅੱਗੇ ਬੰਗਲਾਦੇਸ਼ ਦੀ ਬੱਲੇਬਾਜ਼ੀ ਟਿਕ ਨਹੀਂ ਸਕੀ ਅਤੇ ਪੂਰੀ ਟੀਮ 81 ਦੌੜਾਂ ’ਤੇ ਸਿਮਟ ਗਈ। ਬੰਗਲਾਦੇਸ਼ ਦੀ ਟੀਮ ਇਕੱਲੀ ਸ਼ੈਫਾਲੀ ਵਰਮਾ ਦੇ ਸਕੋਰ ਤੋਂ ਵੀ 19 ਦੌੜਾਂ ਪਿੱਛੇ ਰਹਿ ਗਈ। ਹੁਣ 22 ਸਤੰਬਰ ਨੂੰ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਵੇਗਾ।