ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਛੋਟੀਆਂ ਬਚਤ ਸਕੀਮਾਂ ਦੇ ਵਿਆਜ ਦਰ ’ਚ ਕਟੌਤੀ ਦੇ ਫੈਸਲੇ ਤੋਂ ਪਲਟੀ ਮਾਰਦਿਆਂ ਇੱਕ ਦਿਨ ਬਾਅਦ ਹੀ ਇਸ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਸਵੇਰੇ ਇਕ ਟਵੀਟ ਕਰਕੇ ਇਸ ਫੈਸਲੇ ਨੂੰ ਵਾਪਸ ਲੈਣ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ। ਟਵੀਟ ’ਚ ਉਨ੍ਹਾਂ ਲਿਖਿਆ ਕਿ ਛੋਟੀ ਬਚਤ ਸਕੀਮਾਂ ਦੀਆਂ ਵਿਆਜ ਦਰਾਂ ਪਹਿਲਾਂ ਦੀ ਤਰ੍ਹਾਂ ਬਣੀਆਂ ਰਹਿਣਗੀਆਂ, ਜੋ 2020-2021 ਦੀ ਅੰਤਿਮ ਤਿਮਾਹੀ ’ਚ ਸੀ। ਕੱਲ੍ਹ ਸ਼ਾਮ ਜੋ ਹੁਕਮ ਜਾਰੀ ਕੀਤਾ ਗਿਆ ਸੀ, ਉਸ ਨੂੰ ਵਾਪਸ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗਲਤੀ ਨਾਲ ਹੋਇਆ ਸੀ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਨੂੰ ਪੱਛਮੀ ਬੰਗਾਲ, ਅਸਾਮ ਅਤੇ ਤਿੰਨ ਹੋਰ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਨੁਕਸਾਨ ਤੋਂ ਬਚਾਅ ਲਈ ਛੋਟੀਆਂ ਬੱਚਤਾਂ ਦੀਆਂ ਵਿਆਜ ਦਰਾਂ ਵਿੱਚ ਕਟੌਤੀ ਦੇ ਫੈਸਲੇ ਨੂੰ ਵਾਪਸ ਲੈਣਾ ਪਿਆ ਹੈ।
ਦੱਸਦਾ ਬਣਦਾ ਹੈ ਕਿ ਇਹ ਕਰੋੜਾਂ ਲੋਕਾਂ ਲਈ ਕਾਫੀ ਰਾਹਤ ਦੀ ਗੱਲ ਹੈ। ਹਾਲਾਂਕਿ ਬੀਤੇ ਦਿਨਾਂ ਤੋਂ ਸਰਕਾਰ ਵੱਲੋਂ ਕਟੌਤੀ ਦੇ ਫੈਸਲੇ ਨਾਲ ਹਮਲਾਵਰ ਵਿਰੋਧੀ ਧਿਰ ਹੁਣ ਫੈਸਲੇ ਵਾਪਸ ਲੈਣ ਲੈਣ ’ਤੇ ਵੀ ਕੇਂਦਰ ਨੂੰ ਘੇਰ ਰਹੀ ਹੈ। ਕਾਂਗਰਸ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਚੋਣਾਂ ਦਾ ਡਰ ਸੀ, ਇਸ ਕਾਰਨ ਫੈਸਲਾ ਵਾਪਸ ਲਿਆ ਗਿਆ। ਇਸ ਤੋਂ ਇਲਾਵਾ ਹੋਰ ਨੇਤਾਵਾਂ ਨੇ ਵੀ ਤੰਜ ਕੱਸਿਆ ਹੈ।
ਦੱਸਣਾ ਬਣਦਾ ਹੈ ਕਿ ਛੋਟੀਆਂ ਬੱਚਤ ਸਕੀਮਾਂ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਝਟਕਾ ਦਿੰਦਿਆਂ ਸਰਕਾਰ ਨੇ ਬੁੱਧਵਾਰ ਨੂੰ ਪਬਲਿਕ ਪਰੋਵੀਡੈਂਟ ਫੰਡ (ਪੀਪੀਐਫ਼) ਅਤੇ ਐਨਐਸਸੀ (ਨੈਸ਼ਨਲ ਸੇਵਿੰਗ ਸਰਟੀਫਿਕੇਟ) ਸਮੇਤ ਹੋਰ ਛੋਟੀਆਂ ਬੱਚਤ ਸਕੀਮਾਂ ਦੀਆਂ ਵਿਆਜ ਦਰਾਂ ਵਿੱਚ 1.1 ਫੀਸਦੀ ਦੀ ਕਟੌਤੀ ਕਰ ਦਿੱਤੀ ਸੀ। ਇਸ ਤੋਂ ਇੱਕ ਦਿਨ ਬਾਅਦ ਵੀਰਵਾਰ ਨੂੰ ਇਹ ਫੈਸਲਾ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੈ।
ਸਰਕਾਰ ਵੱਲੋਂ ਫੈਸਲਾ ਪਲਟਣ ’ਤੇ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਕਿਹਾ ਕਿ ਚੋਣਾਂ ਦੇ ਡਰ ਨਾਲ ਮੋਦੀ-ਸ਼ਾਹ-ਨਿਰਮਲਾ ਸਰਕਾਰ ਨੇ ਆਪਣਾ ਗਰੀਬ ਤੇ ਆਮ ਆਦਮੀ ਦੀ ਛੋਟੀ ਬਚਤ ਸਕੀਮਾਂ ਦੀ ਵਿਆਜ ਦਰਾਂ ਦਾ ਫੈਸਲਾ ਬਦਲ ਦਿੱਤਾ ਹੈ, ਧੰਨਵਾਦ, ਪਰ ਨਿਰਮਲਾ ਜੀ ਇਹ ਵਾਅਦਾ ਵੀ ਕਰ ਦਿਓ ਕਿ ਚੋਣਾਂ ਹੋ ਜਾਣ ਤੋਂ ਬਾਅਦ ਵੀ ਤੁਸੀਂ ਫਿਰ ਤੋਂ ਵਿਆਜ ਦਰਾਂ ਨਹੀਂ ਘਟਾਓਗੇ।
ਓਧਰ, ਸਾਬਕਾ ਮੰਤਰੀ ਪੀ ਚਿਦੰਬਰਮ ਨੇ ਕਿਹਾ, ਭਾਜਪਾ ਸਰਕਾਰ ਨੇ ਆਪਣੇ ਫਾਇਦੇ ਲਈ ਵਿਆਜ਼ ਦਰਾਂ ’ਚ ਕਮੀ ਕਰ ਕੇ ਮੱਧ ਵਰਗ ’ਤੇ ਇਕ ਹੋਰ ਹਮਲਾ ਕੀਤਾ ਸੀ, ਪਰ ਫੜੇ ਜਾਣ ’ਤੇ ਵਿੱਤ ਮੰਤਰੀ ਨੇ ਅਣਜਾਣੇ ’ਚ ਹੋਈ ਗਲਤੀ ਦੇ ਬਹਾਨੇ ਬਣਾ ਰਹੀ ਹੈ, ਜਦੋਂ ਮਹਿੰਗਾਈ ਲਗਪਗ 6 ਫ਼ੀਸਦੀ ਹੈ ਤੇ ਵਧਣ ਦੀ ਉਮੀਦ ਹੈ ਤਾਂ ਭਾਜਪਾ ਸਰਕਾਰ ਬਚਤਕਰਤਾਵਾਂ ਤੇ ਮੱਧ ਵਰਗ ਦੇ 6 ਫ਼ੀਸਦੀ ਤੋਂ ਘੱਟ ਵਿਆਜ਼ ਦਰ ਦੇ ਰਹੀ ਹੈ, ਜੋ ਪੂਰੀ ਤਰ੍ਹਾਂ ਤੋਂ ਗਲਤ ਹੈ।
ਸ਼ਿਵ ਸੈਨਾ ਪਿ੍ਰਯੰਕਾ ਚਤੁਰਵੇਦੀ ਨੇ ਕਿਹਾ, ਫੈਸਲਾ ਵਾਪਸ ਲੈ ਲਿਆ। ਅਜਿਹਾ ਲੱਗਦਾ ਹੈ, ਵਿੱਤ ਮੰਤਰੀ ਨੇ ਸਾਰੇ ਮੁੱਖ ਸਮਾਚਾਰ ਪੱਤਰਾਂ ’ਚ ਅੱਜ ਸਵੇਰ ਦੀਆਂ ਸੁਰਖੀਆਂ ਪੜ੍ਹਨ ਤੋਂ ਬਾਅਦ ਕਟੌਤੀ ਦੇ ਐਲਾਨ ਨੂੰ ਵਾਪਸ ਲੈਣਾ ਮਹਿਸੂਸ ਕੀਤਾ। ਹਾਲਾਂਕਿ ਸੱਚਾਈ ਇਹ ਹੈ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਇਕ ਤਰ੍ਹਾਂ ਨਾਲ ਅਸਫ਼ਲ ਅਰਥਵਿਵਸਥਾ ਦਾ ਨਤੀਜਾ ਹੈ।