ਚੰਡੀਗੜ੍ਹ:ਵਸਤਾਂ ਅਤੇ ਸੇਵਾਵਾਂ ਕਰ (ਜੀਐਸਟੀ) ਤੋਂ ਸਤੰਬਰ, 2021 ਵਿੱਚ ਪੰਜਾਬ ਨੇ 1316.51 ਕਰੋੜ ਰੁਪਏ ਮਾਲੀਆ ਇੱਕਤਰ ਕੀਤਾ ਹੈ ਜਦੋਂਕਿ ਪਿਛਲੇ ਸਾਲ ਸਤੰਬਰ, 2020 ਦੌਰਾਨ 1055. 24 ਕਰੋੜ ਰੁਪਏ ਮਾਲੀਆ ਇਕੱਤਰ ਕੀਤਾ ਗਿਆ ਸੀ, ਜੋ ਕਿ 24.76 ਫ਼ੀਸਦੀ ਵਾਧਾ ਦਰਸਾਉਂਦਾ ਹੈ। ਇਹ ਵਾਧਾ ਕੋਵਿਡ-19 ਦੀ ਦੂਜੀ ਲਹਿਰ ਤੋਂ ਬਾਅਦ ਤੇਜ਼ੀ ਨਾਲ ਹੋ ਰਹੇ ਆਰਥਿਕ ਸੁਧਾਰ ਦਾ ਸੂਚਕ ਹੈ।
ਟੈਕਸੇਸ਼ਨ ਕਮਿਸ਼ਨਰੇਟ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਜੀ.ਐਸ.ਟੀ. ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਲੋਹਾ ਤੇ ਇਸਪਾਤ, ਆਟੋਮੋਬਾਈਲਜ਼, ਬੀਮਾ, ਟੈਲੀਕਾਮ, ਟਰਾਂਸਪੋਰਟ, ਬੈੰਕਿੰਗ ਅਤੇ ਨਾਨ-ਵੈਟ ਪੈਟਰੋਲੀਅਮ ਪ੍ਰੋਡਕਟਸ ਆਦਿ ਖੇਤਰਾਂ ਵਿੱਚ *ਵਿਕਾਸ ਕਾਰਨ ਇਹ ਵਾਧਾ ਦਰਜ ਕੀਤਾ ਗਿਆ ਹੈ।*
ਜੀ.ਐਸ.ਟੀ. ਮਾਲੀਏ ਵਿੱਚ ਸਤੰਬਰ, 2021 ਤੱਕ ਪਿਛਲੇ ਸਾਲ ਨਾਲੋਂ 67.55 ਫ਼ੀਸਦ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਮਹਾਂਮਾਰੀ ਤੋਂ ਪਿਛਲੇ ਵਿੱਤੀ ਸਾਲ 2019-20 ਦੀ ਤੁਲਨਾ ਵਿੱਚ ਮੌਜੂਦਾ ਸਾਲ ਦੀ ਪਹਿਲੀ ਛਿਮਾਹੀ ਦੌਰਾਨ 54 ਫ਼ੀਸਦ ਵਾਧਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਟੈਕਸ ਚੋਰੀ ਦੀਆਂ ਗਤੀਵਿਧੀਆਂ ‘ਤੇ ਕੜੀ ਨਿਗਰਾਨੀ ਅਤੇ ਨਿਯੰਤਰਣ, ਕਰਦਾਤਾਵਾਂ ਵੱਲੋਂ ਜੀ.ਐਸ.ਟੀ. ਨਿਯਮਾਂ ਦੀ ਪਾਲਣਾ, ਮਸ਼ੀਨ ਲਰਨਿੰਗ ਆਧਾਰ ‘ਤੇ ਪ੍ਰਭਾਵਸ਼ਾਲੀ ਡਾਟਾ ਵਿਸ਼ਲੇਸ਼ਣ ਅਤੇ ਫਰਜ਼ੀ ਬਿਲਿੰਗ ਨੂੰ ਠੱਲ੍ਹ ਪਾਉਣ ਕਰਕੇ ਇਹ ਵਾਧਾ ਹੋਇਆ ਹੈ।
ਬੁਲਾਰੇ ਨੇ ਕਿਹਾ ਕਿ ਹੁਣ ਤੱਕ ਦੇ ਮਾਲੀਏ ਵਿੱਚ ਹੋਣ ਵਾਲੇ ਵਾਧੇ ਦਾ ਰੁਝਾਨ ਆਉਣ ਵਾਲੇ ਮਹੀਨਿਆਂ ਵਿੱਚ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਉਹਨਾਂ ਅੱਗੇ ਕਿਹਾ ਕਿ ਵਿੱਤੀ ਸਾਲ 2021-22 ਵਿੱਚ ਵੈਟ ਅਤੇ ਸੀਐਸਟੀ ਮਾਲੀਆ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਇਸ ਸਾਲ 41.09 ਫ਼ੀਸਦ ਅਤੇ 18.68 ਫ਼ੀਸਦ ਵਾਧਾ ਹੋਇਆ ਹੈ। ਇਸ ਸਾਲ ਸਤੰਬਰ 'ਚ ਜੀਐਸਟੀ, ਵੈਟ ਅਤੇ ਸੀਐਸਟੀ ਦੇ ਕੁੱਲ ਮਾਲੀਆ ਇੱਕਤਰ ਕਰਨ ਵਿੱਚ 29.47 ਫ਼ੀਸਦ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਇਸ ਸਾਲ ਸਤੰਬਰ ਵਿੱਚ 1965.99 ਰੁਪਏ ਕਰੋੜ ਮਾਲੀਆ ਇੱਕਤਰ ਹੋਇਆ ਜਦੋਂਕਿ ਸਾਲ 2020-21 ਦੇ ਇਸ ਮਹੀਨੇ ਦੌਰਾਨ 1518.52 ਕਰੋੜ ਰੁਪਏ ਮਾਲੀਆ ਇੱਕਤਰ ਹੋਇਆ ਸੀ।