ਨਵੀਂ ਦਿੱਲੀ: ਤੇਲ ਨਿਰਯਾਤ ਕਰਨ ਵਾਲੇ ਦੇਸ਼ਾਂ ਦੀ ਸੰਗਠਨ (ਓਪੇਕ) ਅਤੇ ਸਹਿਭਾਗੀ ਦੇਸ਼ਾਂ ਨੇ ਹੌਲੀ-ਹੌਲੀ ਤੇਲ ਦੇ ਉਤਪਾਦਨ ਨੂੰ ਵਧਾਉਣ ਲਈ ਸਹਿਮਤੀ ਦਿੱਤੀ ਹੈ। ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਹੋ ਸਕਦੀਆਂ ਹਨ।
ਓਪੇਕ ਨੇ ਕਿਹਾ ਕਿ ਉਹ ਮਈ ਤੋਂ ਜੁਲਾਈ ਦੇ ਮਹੀਨੇ ‘ਚ ਤੇਲ ਦੇ ਉਤਪਾਦਨ ‘ਚ 20 ਲੱਖ ਬੈਰਲ ਪ੍ਰਤੀ ਦਿਨ ਵਧਾਉਣਗੇ। ਉਨ੍ਹਾਂ ਕਿਹਾ ਕਿ ਉਹ ਸੁਚੇਤ ਰੁਖ਼ ਅਪਣਾਉਂਦੇ ਹੋਏ ਕੋਵਿਡ-19 ਮਹਾਂਮਾਰੀ ਤੋਂ ਵਿਸ਼ਵਪੱਧਰੀ ਅਰਥਚਾਰੇ ‘ਚ ਮੁੜ ਸੁਰਜੀਤੀ ਦੇ ਨਾਲ ਕਦਮ ਚੁੱਕ ਰਹੇ ਹਨ। ਓਪੇਕ ਅਤੇ ਸਹਿਯੋਗੀ ਦੇਸ਼ਾਂ ਨੇ ਮਹਾਂਮਾਰੀ ਦੌਰਾਨ ਘੱਟ ਰਹੀ ਮੰਗ ਕਾਰਨ ਕੀਮਤਾਂ ‘ਚ ਗਿਰਾਵਟ ਨੂੰ ਰੋਕਣ ਦੇ ਇਰਾਦੇ ਨਾਲ ਪਿਛਲੇ ਸਾਲ ਉਤਪਾਦਨ ਨੂੰ ਘਟਾਉਣ ਦਾ ਫ਼ੈਸਲਾ ਕੀਤਾ ਸੀ।
ਉੱਧਰ, ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਵਿੱਚ ਹੋਏ ਵਾਧੇ ਦੇ ਦੌਰਾਨ ਘਰੇਲੂ ਬਾਜ਼ਾਰ ਵਿੱਚ ਤੇਲ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਸ਼ਨੀਵਾਰ ਨੂੰ ਲਗਾਤਾਰ ਚੌਥੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਸਥਿਰ ਰੱਖਿਆ ਹੈ। ਰਾਜਧਾਨੀ ਦਿੱਲੀ ਵਿੱਚ ਪੈਟਰੋਲ 90.56 ਰੁਪਏ ਅਤੇ ਡੀਜ਼ਲ 80.87 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।