ਚੰਡੀਗੜ੍ਹ, 13 ਸਤੰਬਰ : ਮੋਬਾਈਲ ’ਤੇ ਰੀਲਾਂ ਦੇਖਣ ਤੋਂ ਰੋਕਣ ’ਤੇ 8 ਸਾਲਾ ਬੱਚਾ ਇੰਨਾ ਨਾਰਾਜ਼ ਹੋਇਆ ਕਿ ਬਿਨਾਂ ਦੱਸੇ ਘਰੋਂ ਨਿਕਲ ਗਿਆ। ਉਹ ਟਰੇਨ ’ਚ ਬੈਠ ਕੇ ਕਰੀਬ 638 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਕੱਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਪਹੁੰਚ ਗਿਆ। ਮਾਮਲਾ ਚੰਡੀਗੜ੍ਹ ਦਾ ਹੈ।
ਸਲੀਪਰ ਕੋਚ ’ਚ ਇਕੱਲਾ ਬੈਠਾ ਮਿਲਿਆ
ਟਰੇਨ ਨੰਬਰ 19308 ਚੰਡੀਗੜ੍ਹ-ਇੰਦੌਰ ਐਕਸਪ੍ਰੈੱਸ ਦੇ ਸਲੀਪਰ ਕੋਚ ਵਿੱਚ ਚੈਕਿੰਗ ਦੌਰਾਨ ਟੀਟੀਈ ਨੇ ਬੱਚੇ ਨੂੰ ਇਕੱਲੇ ਸਫ਼ਰ ਕਰਦੇ ਦੇਖਿਆ। ਉਸ ਦੇ ਨਾਲ ਕੋਈ ਪਰਿਵਾਰਕ ਮੈਂਬਰ ਨਾ ਹੋਣ ਕਾਰਨ ਟੀਟੀਈ ਨੂੰ ਸ਼ੱਕ ਹੋਇਆ ਅਤੇ RPF ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ। ਐਤਵਾਰ ਤੜਕੇ ਕਰੀਬ 3:05 ਵਜੇ RPF ਟੀਮ ਗਵਾਲੀਅਰ ਰੇਲਵੇ ਸਟੇਸ਼ਨ ਪਹੁੰਚੀ ਅਤੇ ਬੱਚੇ ਨੂੰ ਟਰੇਨ ਤੋਂ ਉਤਾਰ ਕੇ RPF ਪੋਸਟ ਲੈ ਗਈ।
11 ਸਤੰਬਰ ਤੋਂ ਲਾਪਤਾ ਸੀ ਬੱਚਾ
ਪੁੱਛਗਿੱਛ ਦੌਰਾਨ ਬੱਚੇ ਨੇ ਦੱਸਿਆ ਕਿ ਰੀਲਾਂ ਦੇਖਣ ’ਤੇ ਘਰ ਵਾਲਿਆਂ ਨੇ ਉਸ ਨੂੰ ਡਾਂਟਿਆ ਸੀ। ਇਸ ਤੋਂ ਨਾਰਾਜ਼ ਹੋ ਕੇ ਉਹ ਬਿਨਾਂ ਦੱਸੇ ਘਰੋਂ ਨਿਕਲ ਗਿਆ ਅਤੇ ਟਰੇਨ ਵਿੱਚ ਬੈਠ ਗਿਆ। RPF ਅਧਿਕਾਰੀਆਂ ਨੇ ਜਦੋਂ ਉਸ ਤੋਂ ਘਰ ਦਾ ਪਤਾ ਪੁੱਛਿਆ ਤਾਂ ਬੱਚੇ ਨੇ ਮੋਬਾਈਲ ਨੰਬਰ ਦੱਸਿਆ। ਇਸ ਨੰਬਰ ’ਤੇ ਸੰਪਰਕ ਕਰਨ ’ਤੇ ਉਸ ਦੀ ਮਾਂ ਨੇ ਦੱਸਿਆ ਕਿ ਬੱਚਾ 11 ਸਤੰਬਰ ਦੀ ਦੁਪਹਿਰ ਤੋਂ ਲਾਪਤਾ ਸੀ। ਪਰਿਵਾਰ ਵੱਲੋਂ ਚੰਡੀਗੜ੍ਹ ਵਿੱਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ।
ਚਾਈਲਡ ਹੈਲਪਲਾਈਨ ਦੇ ਹਵਾਲੇ ਕੀਤਾ
RPF ਨੇ ਪਰਿਵਾਰ ਨੂੰ ਬੱਚੇ ਦੇ ਗਵਾਲੀਅਰ ਵਿੱਚ ਸੁਰੱਖਿਅਤ ਹੋਣ ਦੀ ਜਾਣਕਾਰੀ ਦਿੱਤੀ। ਪਛਾਣ ਅਤੇ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਬੱਚੇ ਨੂੰ ਚਾਈਲਡ ਹੈਲਪਲਾਈਨ ਦੇ ਹਵਾਲੇ ਕਰ ਦਿੱਤਾ ਗਿਆ। ਉਸ ਦੀ ਕਾਊਂਸਲਿੰਗ ਵੀ ਕਰਵਾਈ ਗਈ। ਐਤਵਾਰ ਨੂੰ ਬੱਚੇ ਦੇ ਪਰਿਵਾਰਕ ਮੈਂਬਰ ਗਵਾਲੀਅਰ ਪਹੁੰਚ ਗਏ। ਜ਼ਰੂਰੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਹ ਬੱਚੇ ਨੂੰ ਆਪਣੇ ਨਾਲ ਚੰਡੀਗੜ੍ਹ ਲੈ ਜਾਣਗੇ।