- ਪੁਲਿਸ ਟੀਮਾਂ ਨੇ ਉਸ ਕੋਲੋਂ ਬੀ.ਐਮ.ਡਬਲਿਊ. ਕਾਰ, ਮੋਬਾਈਲ ਫ਼ੋਨ ਅਤੇ ਦਸਤਾਵੇਜ਼ ਕੀਤੇ ਬਰਾਮਦ
- 92 ਕੇਸਾਂ ਵਿੱਚ ਪੀ.ਓ ਐਲਾਨਿਆ ਮੁਲਜ਼ਮ ਨੀਰਜ ਅਰੋੜਾ ਗ੍ਰਿਫ਼ਤਾਰੀ ਤੋਂ ਬਚਣ ਲਈ ਫਰਜ਼ੀ ਪਛਾਣ ਪੱਤਰਾਂ ਦੀ ਕਰ ਰਿਹਾ ਸੀ ਵਰਤੋਂ
ਚੰਡੀਗੜ੍ਹ/ਫਾਜ਼ਿਲਕਾ, : ਬਹੁ-ਕਰੋੜੀ ਨੇਚਰ ਹਾਈਟਸ ਇਨਫਰਾ ਸਕੈਮ ’ਚ ਵੱਡੀ ਸਫਲਤਾ ਦਰਜ ਕਰਦੇ ਹੋਏ ਫ਼ਰੀਦਕੋਟ ਅਤੇ ਫਾਜ਼ਿਲਕਾ ਪੁਲੀਸ ਦੀਆਂ ਸਾਂਝੀਆਂ ਟੀਮਾਂ ਨੇ ਮੁੱਖ ਦੋਸ਼ੀ ਨੀਰਜ ਥਠਾਈ ਉਰਫ ਨੀਰਜ ਅਰੋੜਾ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਪਿਛਲੇ 8-9 ਸਾਲਾਂ ਤੋਂ ਫਰਾਰ ਸੀ ਅਤੇ ਭਗੌੜਾ ਸੀ, ਨੂੰ ਉੱਤਰਾਖੰਡ ਦੇ ਜ਼ਿਲ੍ਹਾ ਪਾਉਡੀ ਤੋਂ ਗ੍ਰਿਫਤਾਰ ਕੀਤਾ । ਉਕਤ ਮੁਲਜ਼ਮ ਭੋਲੇ- ਭਾਲੇ ਲੋਕਾਂ ਨੂੰ ਰਿਹਾਇਸ਼ੀ/ਵਪਾਰਕ ਪਲਾਟ ਦੇਣ ਦਾ ਝਾਂਸਾ ਦੇ ਕੇ ਵੱਡੀ ਰਕਮ ਠਗਦਾ ਸੀ।
ਇਹ ਕਾਰਵਾਈ ਫਾਜ਼ਿਲਕਾ ਦੇ ਅਮਨਦੀਪ ਕੰਬੋਜ ਉਰਫ਼ ਅਮਨ ਸਕੋਡਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ , ਜੋ 8 ਕੇਸਾਂ ਵਿੱਚ ਪੀ.ਓ. ਸੀ ਅਤੇ 18 ਕੇਸਾਂ ਵਿੱਚ ਬੇਲ ਜੰਪਰ ( ਜ਼ਮਾਨਤ ਖੁੰਝਾ ਚੁੱਕਾ) ਸੀ। ਉਸ ਨੂੰ 15 ਮਾਰਚ, 2024 ਨੂੰ ਫਾਜ਼ਿਲਕਾ ਪੁਲਿਸ ਦੇ ਪੀ.ਓ. ਸਟਾਫ਼ ਨੇ ਵਾਰਾਣਸੀ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ।
ਆਈ.ਜੀ.ਪੀ. ਫਰੀਦਕੋਟ ਰੇਂਜ ਗੁਰਸ਼ਰਨ ਸਿੰਘ ਸੰਧੂ ਅਤੇ ਡੀਆਈਜੀ ਫਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ ਨੇ ਮੰਗਲਵਾਰ ਨੂੰ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਦੱਸਿਆ ਕਿ ਐਸ.ਪੀ. ਇਨਵੈਸਟੀਗੇਸ਼ਨ ਫਾਜ਼ਿਲਕਾ ਪਰਦੀਪ ਸਿੰਘ ਸੰਧੂ ਅਤੇ ਡੀਐਸਪੀ ਨਾਰਕੋਟਿਕਸ ਫਰੀਦਕੋਟ ਇਕਬਾਲ ਸਿੰਘ ਸੰਧੂ ਦੀ ਅਗਵਾਈ ਵਿੱਚ ਦੋਵਾਂ ਜ਼ਿਲਿ੍ਹਆਂ ਦੀਆਂ ਪੁਲੀਸ ਟੀਮਾਂ ਨੇ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਅਤੇ ਐਸਐਸਪੀ ਫਾਜ਼ਿਲਕਾ ਡਾ: ਪ੍ਰਗਿਆ ਜੈਨ ਦੀ ਸਮੁੱਚੀ ਨਿਗਰਾਨੀ ਹੇਠ ਮੋਸਟ ਵਾਂਟੇਡ ਅਪਰਾਧੀ ਨੀਰਜ ਅਰੋੜਾ ਨੂੰ ਸ਼੍ਰੀ ਨਗਰ ਗੜ੍ਹਵਾਲ ਜਿਲਾ ਪਾਉਡੀ, ਉਤਰਾਖੰਡ ਤੋਂ ਗ੍ਰਿਫਤਾਰ ਕੀਤਾ ਹੈ।
ਪੁਲੀਸ ਟੀਮਾਂ ਨੇ ਮੁਲਜ਼ਮ ਨੀਰਜ ਅਰੋੜਾ ਦੇ ਕਬਜ਼ੇ ਵਿੱਚੋਂ ਇੱਕ ਲਗਜ਼ਰੀ ਬੀਐਮਡਬਲਿਊ ਕਾਰ, ਕੁਝ ਮੋਬਾਈਲ ਫੋਨ ਅਤੇ ਜਾਅਲੀ ਦਸਤਾਵੇਜ਼ ਵੀ ਬਰਾਮਦ ਕੀਤੇ ਹਨ।
ਆਈਜੀਪੀ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਸੂਬੇ ਵਿੱਚ ਲੋਕਾਂ ਨੂੰ ਪੈਸੇ ਜਾਂ ਪਲਾਟ ਦੇਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਧੋਖਾਧੜੀ ਕਰਨ ਲਈ 21 ਜ਼ਿਲਿ੍ਹਆਂ ਵਿੱਚ ਦਰਜ 108 ਐਫਆਈਆਰਜ਼ ਦਾ ਸਾਹਮਣਾ ਕਰ ਰਿਹਾ ਹੈ । ਕੁੱਲ 108 ਐਫਆਈਆਰਜ਼ ਵਿੱਚੋਂ 47 ਫ਼ਾਜ਼ਿਲਕਾ ਵਿੱਚ ਦਰਜ ਹਨ; ਫਿਰੋਜ਼ਪੁਰ ਵਿੱਚ ਅੱਠ; ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਵਿੱਚ ਛੇ-ਛੇ; ਰੂਪਨਗਰ, ਮੁਹਾਲੀ ਅਤੇ ਐਸਏਐਸ ਨਗਰ ਵਿੱਚ ਪੰਜ-ਪੰਜ; ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਜਲੰਧਰ ਕਮਿਸ਼ਨਰੇਟ ਵਿੱਚ ਚਾਰ-ਚਾਰ ਕੇਸ ਦਰਜ ਹਨ।
ਜ਼ਿਕਰਯੋਗ ਹੈ ਕਿ ਫਰਵਰੀ 2016 ’ਚ ਫਾਜ਼ਿਲਕਾ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਸ਼ੀ ਨੀਰਜ ਅਰੋੜਾ ਨੇ ਜ਼ਮਾਨਤ ਬੇਲ ਜੰਪ ( ਜ਼ਮਾਨਤ ਖੁੰਝਾ ਦਿੱਤੀ) ਕਰ ਦਿੱਤੀ ਸੀ ਅਤੇ ਫਰਵਰੀ 2017 ’ਚ ਉਸ ਨੂੰ ਪੀ.ਓ. ਐਲਾਨ ਦਿੱਤਾ ਗਿਆ ਸੀ । ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨੀਰਜ ਥਠਾਈ ਦੇ ਖਿਲਾਫ ਕੇਸ ਦਰਜ ਕੀਤੇ ਅਤੇ ਜਾਇਦਾਦਾਂ ਜ਼ਬਤ ਕੀਤੀਆਂ ਹਨ, ਜਦੋਂ ਕਿ ਪੀੜਤਾਂ ਦੁਆਰਾ ਦਾਇਰ ਕੀਤੀਆਂ ਗਈਆਂ ਕਈ ਰਿੱਟ ਪਟੀਸ਼ਨਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿੱਚ ਲੰਬਿਤ ਹਨ।
ਡੀਆਈਜੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਫਰਜ਼ੀ ਆਈਡੀ ਦੀ ਵਰਤੋਂ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲ ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ 1200 ਏਕੜ ਤੋਂ ਵੱਧ ਜ਼ਮੀਨ ਅਤੇ 200 ਰਿਹਾਇਸ਼ੀ ਫਲੈਟ ਹਨ ਜਿਨ੍ਹਾਂ ਦੀ ਕੀਮਤ 1, 000 ਕਰੋੜ ਰੁਪਏ ਤੋਂ ਵੱਧ ਹੈ।
ਡੱਬੀ : ਫਰੀਦਕੋਟ ਅਤੇ ਫਾਜ਼ਿਲਕਾ ਪੁਲਿਸ ਨੇ 2024 ਵਿੱਚ 211 ਪੀਓਜ਼ ਕੀਤੇ ਗ੍ਰਿਫਤਾਰ
ਭਗੌੜਾ ਅਪਰਾਧੀਆਂ (ਪੀ.ਓ.) ਨੂੰ ਗ੍ਰਿਫਤਾਰ ਕਰਨ ਲਈ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਅਤੇ ਫਰੀਦਕੋਟ ਪੁਲਿਸ ਨੇ ਇਸ ਸਾਲ ਹੁਣ ਤੱਕ 211 ਪੀ.ਓ. ਨੂੰ ਗ੍ਰਿਫਤਾਰ ਕੀਤਾ ਹੈ। ਫਾਜ਼ਿਲਕਾ ਪੁਲਿਸ ਨੇ 150 ਪੀ.ਓਜ਼ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਫਰੀਦਕੋਟ ਪੁਲਿਸ ਨੇ 61 ਪੀ.ਓ. ਗ੍ਰਿਫਤਾਰ ਕੀਤੇ ਹਨ।