- ਹਥਿਆਰ ਲਾਇਸੰਸ, ਪੁਲਿਸ ਵੈਰੀਫਿਕੇਸ਼ਨ, ਐਨ.ਓ.ਸੀ., ਐਫ.ਆਈ.ਆਰ. ਦੀ ਕਾਪੀਆਂ ਸਮੇਤ ਕਈ ਸੇਵਾਵਾਂ ਦੀ ਸਮੇਂ-ਸੀਮਾ ਤੈਅ
- ਨਾਗਰਿਕਾਂ ਨੂੰ ਨਿਰਧਾਰਤ ਸਮੇਂ ਵਿੱਚ ਮਿਲੇਗਾ ਲਾਭ
ਚੰਡੀਗੜ੍ਹ, 18 ਜੂਨ - ਹਰਿਆਣਾ ਸਰਕਾਰ ਨੇ ਨਾਗਰਿਕਾਂ ਨੂੰ ਵੱਧ ਪਾਰਦਰਸ਼ੀ, ਜਵਾਬਦੇਹ ਅਤੇ ਸਮਾਂਬੱਧ ਸੇਵਾਵਾਂ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਗ੍ਰਹਿ ਵਿਭਾਗ ਦੀਆਂ 33 ਸੇਵਾਵਾਂ ਨੂੰ ਹਰਿਆਣਾ ਸੇਵਾ ਦਾ ਅਧਿਕਾਰ ਐਕਟ, 2014 ਦੇ ਤਹਿਤ ਨੋਟੀਫਾਈ ਕੀਤਾ ਹੈ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਨ੍ਹਾਂ ਸੇਵਾਵਾਂ ਲਈ ਸਮਾਂ-ਸੀਮਾ ਨਿਰਧਾਰਤ ਕੀਤੀ ਗਈ ਹੈ। ਇਸ ਨਾਲ ਨਾਗਰਿਕਾਂ ਨੂੰ ਵੱਖ-ਵੱਖ ਪ੍ਰਵਾਨਗੀਆਂ, ਵੈਰੀਫਿਕੇਸ਼ਨ ਅਤੇ ਲਾਇਸੰਸ ਨਾਲ ਸਬੰਧਤ ਸੇਵਾਵਾਂ ਨਿਰਧਾਰਤ ਸਮੇਂ 'ਤੇ ਮਿਲ ਸਕਣਗੀਆਂ।
ਨੋਟੀਫਿਕੇਸ਼ਨ ਅਨੁਸਾਰ, ਜੇਕਰ ਹਥਿਆਰ ਲਾਇਸੰਸ ਉਸੇ ਜ਼ਿਲ੍ਹੇ ਵਿੱਚ ਨਵੀਨੀਕਰਣ ਲਈ ਪੇਸ਼ ਕੀਤਾ ਜਾਂਦਾ ਹੈ ਅਤੇ ਲਾਇਸੰਸ ਦੀ ਮਿਆਦ ਖ਼ਤਮ ਨਹੀਂ ਹੋਈ ਹੈ, ਤਾਂ ਉਸ ਦਾ ਨਵੀਨੀਕਰਨ 15 ਦਿਨਾਂ ਦੇ ਅੰਦਰ ਕੀਤਾ ਜਾਵੇਗਾ। ਉੱਥੇ ਹੀ ਛੇ ਸਾਲਾਂ ਦੇ ਚੱਕਰ ਤੋਂ ਬਾਅਦ, ਜਿੱਥੇ ਪੁਲਿਸ ਵੈਰੀਫਿਕੇਸ਼ਨ ਦੀ ਲੋੜ ਹੋਵੇਗੀ, ਹਥਿਆਰ ਲਾਇਸੰਸ ਦੇ ਨਵੀਨੀਕਰਨ ਲਈ ਪੁਲਿਸ ਵੈਰੀਫਿਕੇਸ਼ਨ ਦੀ ਪ੍ਰਕਿਰਿਆ 22 ਦਿਨਾਂ ਵਿੱਚ ਪੂਰੀ ਕੀਤੀ ਜਾਵੇਗੀ।
ਹਥਿਆਰ ਲਾਇਸੰਸ ਵਿੱਚ ਹਥਿਆਰ ਜੋੜਨ ਜਾਂ ਹਟਾਉਣ, ਹਥਿਆਰ ਖਰੀਦਣ ਦੀ ਮਿਆਦ ਵਧਾਉਣ ਅਤੇ ਵਿਰੋਧ ਪ੍ਰਦਰਸ਼ਨ/ਹੜਤਾਲ, ਜਲੂਸ ਅਤੇ ਪ੍ਰੋਗਰਾਮ/ਸੱਭਿਆਚਾਰਕ ਪੇਸ਼ਕਾਰੀ ਦੇ ਆਯੋਜਨ ਦੀ ਪ੍ਰਵਾਨਗੀ ਨਾਲ ਸਬੰਧਤ ਸੇਵਾਵਾਂ 7 ਦਿਨਾਂ ਦੇ ਅੰਦਰ ਪ੍ਰਦਾਨ ਕੀਤੀਆਂ ਜਾਣਗੀਆਂ।
ਵਿਦੇਸ਼ੀਆਂ ਦੀ ਰਜਿਸਟ੍ਰੇਸ਼ਨ (ਆਗਮਨ ਅਤੇ ਪ੍ਰਸਥਾਨ) ਦੀ ਸੇਵਾ ਤੁਰੰਤ ਉਪਲਬਧ ਕਰਵਾਈ ਜਾਵੇਗੀ। ਇਸੇ ਤਰ੍ਹਾਂ ਐਫ.ਆਈ.ਆਰ. ਜਾਂ ਡੀ.ਡੀ.ਰ. ਦੀ ਕਾਪੀ ਵੀ ਤੁਰੰਤ ਜਾਂ ਆਨਲਾਈਨ ਉਪਲਬਧ ਕਰਵਾਈ ਜਾਵੇਗੀ।
ਵਿਦੇਸ਼ੀਆਂ ਦੇ ਰਿਹਾਇਸ਼ੀ ਪਰਮਿਟ ਦੇ ਵਿਸਤਾਰ, ਲਾਊਡਸਪੀਕਰ ਦੀ ਵਰਤੋਂ ਦੀ ਪ੍ਰਵਾਨਗੀ, ਮੇਲੇ, ਪ੍ਰਦਰਸ਼ਨੀ, ਖੇਡ ਸਮਾਗਮਾਂ ਆਦਿ ਲਈ ਨੋ ਆਬਜੈਕਸ਼ਨ ਸਰਟੀਫਿਕੇਟ, ਅਣਜਾਣ ਵਿਅਕਤੀ ਦੀ ਵੈਰੀਫਿਕੇਸ਼ਨ ਅਤੇ ਪੁਰਾਣੇ ਵਾਹਨਾਂ ਲਈ ਐਨ.ਓ.ਸੀ. ਜਾਰੀ ਕਰਨ ਦੀਆਂ ਸੇਵਾਵਾਂ 5 ਦਿਨਾਂ ਦੀ ਸਮਾਂ-ਸੀਮਾ ਵਿੱਚ ਉਪਲਬਧ ਕਰਵਾਈਆਂ ਜਾਣਗੀਆਂ।
ਘਰੇਲੂ ਸਹਾਇਕ ਵੈਰੀਫਿਕੇਸ਼ਨ, ਕਿਰਾਏਦਾਰ ਵੈਰੀਫਿਕੇਸ਼ਨ, ਚਰਿੱਤਰ ਸਰਟੀਫਿਕੇਟ, ਪੁਲਿਸ ਕਲੀਅਰੈਂਸ ਸਰਟੀਫਿਕੇਟ, ਕਰਮਚਾਰੀ ਵੈਰੀਫਿਕੇਸ਼ਨ ਅਤੇ ਰਜਿਸਟਰਡ ਗੁੰਮ ਹੋਈ ਜਾਇਦਾਦ ਦੇ ਨਿਪਟਾਰੇ ਨਾਲ ਸਬੰਧਤ ਸੇਵਾਵਾਂ 21 ਦਿਨਾਂ ਦੇ ਅੰਦਰ ਪ੍ਰਦਾਨ ਕੀਤੀਆਂ ਜਾਣਗੀਆਂ।
ਪੈਟਰੋਲ ਪੰਪ, ਸਿਨੇਮਾ ਹਾਲ ਆਦਿ ਦੀ ਸਥਾਪਨਾ ਲਈ ਐਨ.ਓ.ਸੀ. 15 ਦਿਨਾਂ ਦੇ ਅੰਦਰ ਜਾਰੀ ਕੀਤੀ ਜਾਵੇਗੀ। ਉੱਥੇ ਹੀ ਸਿਨੇਮਾ ਲਾਇਸੰਸ ਜਾਰੀ ਕਰਨ ਦੀ ਪ੍ਰਕਿਰਿਆ 30 ਦਿਨਾਂ ਵਿੱਚ ਅਤੇ ਉਸ ਦੇ ਨਵੀਨੀਕਰਨ ਦੀ ਪ੍ਰਕਿਰਿਆ 25 ਦਿਨਾਂ ਵਿੱਚ ਪੂਰੀ ਕੀਤੀ ਜਾਵੇਗੀ।
ਪੈਟਰੋਲੀਅਮ ਨਿਯਮ, 2002 ਦੇ ਤਹਿਤ ਪੈਟਰੋਲ ਦੇ ਆਯਾਤ ਅਤੇ ਭੰਡਾਰਨ ਲਈ ਐਨ.ਓ.ਸੀ., ਵਿਸਫੋਟਕ ਨਿਯਮ, 2008 ਦੇ ਤਹਿਤ ਆਤਿਸ਼ਬਾਜ਼ੀ ਦੇ ਭੰਡਾਰਨ ਅਤੇ ਵਿਕਰੀ ਦੀ ਪ੍ਰਵਾਨਗੀ, ਆਤਿਸ਼ਬਾਜ਼ੀ ਲਾਇਸੰਸ ਦਾ ਨਵੀਨੀਕਰਨ ਅਤੇ ਆਤਿਸ਼ਬਾਜ਼ੀ ਦੀ ਦੁਕਾਨ ਤੇ ਗੋਦਾਮ ਲਈ ਐਨ.ਓ.ਸੀ. ਵਰਗੀਆਂ ਸੇਵਾਵਾਂ 30 ਦਿਨਾਂ ਦੀ ਨਿਰਧਾਰਤ ਮਿਆਦ ਵਿੱਚ ਉਪਲਬਧ ਕਰਵਾਈਆਂ ਜਾਣਗੀਆਂ।
ਆਨਲਾਈਨ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਨਿੱਜੀ ਸੁਰੱਖਿਆ ਏਜੰਸੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ 60 ਦਿਨਾਂ ਵਿੱਚ ਪੂਰੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ, ਸਾਈਬਰ ਕੈਫੇ ਸੰਚਾਲਕਾਂ ਦੀ ਰਜਿਸਟ੍ਰੇਸ਼ਨ ਦੀ ਵੈਰੀਫਿਕੇਸ਼ਨ, ਹੋਟਲ ਸੰਚਾਲਕਾਂ ਅਤੇ ਗਾਹਕਾਂ ਦੀ ਰਜਿਸਟ੍ਰੇਸ਼ਨ ਦੀ ਵੈਰੀਫਿਕੇਸ਼ਨ ਅਤੇ ਕਮਿਊਨਿਟੀ ਲਾਇਜ਼ਨ ਗਰੁੱਪ ਲਈ ਬਿਨੈਕਾਰਾਂ ਦੀ ਵੈਰੀਫਿਕੇਸ਼ਨ ਦੀਆਂ ਸੇਵਾਵਾਂ 30 ਦਿਨਾਂ ਵਿੱਚ ਪ੍ਰਦਾਨ ਕੀਤੀਆਂ ਜਾਣਗੀਆਂ।
ਨੋਟੀਫਿਕੇਸ਼ਨ ਵਿੱਚ ਹਰੇਕ ਸੇਵਾ ਲਈ ਨਾਮਜ਼ਦ ਅਧਿਕਾਰੀ, ਪਹਿਲਾ ਸ਼ਿਕਾਇਤ ਨਿਵਾਰਨ ਅਥਾਰਟੀ ਅਤੇ ਦੂਜਾ ਸ਼ਿਕਾਇਤ ਨਿਵਾਰਨ ਅਥਾਰਟੀ ਵੀ ਨਿਰਧਾਰਤ ਕੀਤੇ ਗਏ ਹਨ। ਜੇਕਰ ਕਿਸੇ ਨਾਗਰਿਕ ਨੂੰ ਨਿਰਧਾਰਤ ਸਮਾਂ-ਸੀਮਾ ਵਿੱਚ ਸੇਵਾ ਪ੍ਰਾਪਤ ਨਹੀਂ ਹੁੰਦੀ ਹੈ, ਤਾਂ ਉਹ ਐਕਟ ਦੇ ਉਪਬੰਧਾਂ ਤਹਿਤ ਸਬੰਧਤ ਸ਼ਿਕਾਇਤ ਨਿਵਾਰਨ ਅਥਾਰਟੀ ਦੇ ਸਾਹਮਣੇ ਅਪੀਲ ਕਰ ਸਕੇਗਾ।