ਭਿੱਖੀਵਿੰਡ/ਖਾਲੜਾ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਢਾਈ ਮਹੀਨਿਆਂ ਤੋਂ ਵਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਵੱਲੋਂ ਪਿੰਡਾਂ ਤੋਂ ਵਾਰੋ-ਵਾਰੀ ਜਥੇ ਰਵਾਨਾਂ ਕੀਤਾ ਜਾ ਰਹੇ ਹਨ। ਉਕਤ ਜਥੇ ਵਿੱਚ ਸਰਹੱਦੀ ਹਲਕਾ ਖੇਮਕਰਨ ਪਿੰਡ ਕਲਸ਼ੀਆਂ ਦੇ ਕਿਸਾਨ ਪ੍ਰਤਾਪ ਸਿੰਘ ਪੁੱਤਰ ਸੰਤੋਖ ਸਿੰਘ ਉਮਰ 58 ਸਾਲ ਗਏ ਹੋਏ ਸਨ, ਜਿਨ੍ਹਾਂ ਦੀ ਉਥੇ ਸਿਹਤ ਖਰਾਬ ਹੋ ਗਈ। ਸਿਹਤ ਵਿਗੜਨ ’ਤੇ ਉਨ੍ਹਾਂ ਨੂੰ ਘਰ ਵਾਪਸ ਲਿਆਂਦਾ ਜਾ ਰਿਹਾ ਸੀ ਕਿ ਰਸਤੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਕਿਸਾਨ ਦੀ ਮੌਤ ’ਤੇ ਪਰਿਵਾਰਕ ਮੈਬਰਾਂ ਸਣੇ ਕਿਸਾਨ ਆਗੂਆਂ ਨੇ ਬੀਤੀ ਰਾਤ ਥਾਣਾ ਭਿੱਖੀਵਿੰਡ ਵਿਖੇ ਪਹੁੰਚ ਕੇ ਇਕ ਦਰਖਾਸਤ ਦਿੱਤੀ, ਜਿਸ ਦੇ ਤਹਿਤ ਕਿਸਾਨ ਦੀ 174 ਦੀ ਕਰਵਾਈ ਕੀਤੀ ਜਾਵੇ। ਥਾਣਾ ਮੁਖੀ ਨੇ ਇਸ ਸਬੰਧ ’ਚ ਜਦੋਂ ਕਾਰਵਾਈ ਕਰਨ ਤੋਂ ਨਾ ਕਰ ਦਿੱਤੀ ਤਾਂ ਕਿਸਾਨ ਦੀ ਲਾਸ਼ ਨੂੰ ਭਿੱਖੀਵਿੰਡ ਦੇ ਮੇਨ ਚੌਂਕ ’ਚ ਰੱਖਕੇ ਪਰਿਵਾਰਕ ਮੈਂਬਰਾਂ ਨੇ ਸਾਰੀ ਰਾਤ ਅਤੇ ਵੀਰਵਾਰ ਇਕ ਵਜੇ ਤੱਕ ਰੋਸ ਧਰਨਾ ਦਿੱਤਾ। ਧਰਨੇ ਕਾਰਨ ਜਿਥੇ ਮੇਨ ਚੌਂਕ ਪੂਰੀ ਤਰ੍ਹਾਂ ਬੰਦ ਸੀ, ਉਥੇ ਹੀ ਕਿਸਾਨਾਂ ਦੀ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਵੱਲੋਂ ਕੋਈ ਸਾਰ ਨਹੀਂ ਲਈ ਗਈ। ਇਸ ਮੌਕੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ।