ਪਟਿਆਲਾ: ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਪੀ.ਐੱਮ. ਸ਼੍ਰੀ ਸਰਕਾਰੀ ਹਾਈ ਸਕੂਲ ਚੌਰਾ ਦੇ ਅੱਠਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਮੁਹੰਮਦ ਆਦਿਲ ਪੁੱਤਰ ਸ੍ਰੀ ਕੇਸਰ ਖਾਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਾ ਮੁਜ਼ਾਹਰਾ ਕਰਦਿਆਂ ਦੂਜਾ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਮੁਹੰਮਦ ਆਦਿਲ ਨੇ ਇਹ ਮੁਕਾਬਲਾ ਆਪਣੇ ਗਾਈਡ ਅਧਿਆਪਕ ਸ੍ਰੀ ਮਨਦੀਪ ਸਿੰਘ (ਪੰਜਾਬੀ ਮਾਸਟਰ) ਦੀ ਯੋਗ ਅਗਵਾਈ ਹੇਠ ਲੜਿਆ। ਇਸ ਪ੍ਰਾਪਤੀ 'ਤੇ ਸ੍ਰੀਮਤੀ ਮਮਤਾ ਖੁਰਾਣਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਪਟਿਆਲਾ ਅਤੇ ਡਾ. ਮਨਜਿੰਦਰ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਨੇ ਵਿਸ਼ੇਸ਼ ਤੌਰ 'ਤੇ ਮੁਹੰਮਦ ਆਦਿਲ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮਮਤਾ ਖੁਰਾਣਾ ਨੇ ਵਿਦਿਆਰਥੀ, ਉਸ ਦੇ ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ। ਅਜਿਹੇ ਗਿਆਨ-ਵਰਧਕ ਮੁਕਾਬਲੇ ਬੱਚਿਆਂ ਵਿੱਚ ਮੁਕਾਬਲੇਬਾਜ਼ੀ ਦੀ ਭਾਵਨਾ ਅਤੇ ਆਤਮ-ਵਿਸ਼ਵਾਸ ਪੈਦਾ ਕਰਦੇ ਹਨ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਵਿਦਿਆਰਥੀ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਸਾਹਿਤਕ ਅਤੇ ਗਿਆਨ ਭਰਪੂਰ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਪੰਜਾਬੀ ਮਾਸਟਰ ਸ੍ਰੀ ਮਨਦੀਪ ਸਿੰਘ ਵੱਲੋਂ ਕਰਵਾਈ ਗਈ ਸਖ਼ਤ ਮਿਹਨਤ ਦੀ ਵੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ ਗਈ। ਸਕੂਲ ਮੁਖੀ ਅਤੇ ਸਮੂਹ ਸਟਾਫ਼ ਨੇ ਇਸ ਸ਼ਾਨਦਾਰ ਜਿੱਤ 'ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ।