ਹੁਸ਼ਿਆਰਪੁਰ: ਗੁਰਵੀਰ ਸਿੰਘ 12ਵੀਂ ਪਾਸ ਸੀ ਅਤੇ ਨਿਊਜ਼ੀਲੈਂਡ ਜਾਣਾ ਚਾਹੁੰਦਾ ਸੀ। ਟਰੈਵਲ ਏਜੰਟ ਜਤਿੰਦਰ ਸਿੰਘ ਨੇ 6 ਮਹੀਨਿਆਂ ਵਿੱਚ ਨਿਊਜ਼ੀਲੈਂਡ ਭੇਜ ਕੇ ਨੌਕਰੀ ਲਵਾਉਣ ਦੇ ਨਾਮ 'ਤੇ 18 ਲੱਖ ਰੁਪਏ ਲਏ ਸਨ।
ਪੈਸੇ ਲੈਣ ਤੋਂ ਬਾਅਦ ਏਜੰਟ 3 ਮਹੀਨੇ ਤੱਕ ਟਾਲ-ਮਟੋਲ ਕਰਦਾ ਰਿਹਾ। ਜਦੋਂ ਪਰਿਵਾਰ ਨੇ ਦਬਾਅ ਪਾਇਆ ਤਾਂ ਉਹ ਰੋਜ਼ ਨਵੇਂ ਲਾਰੇ ਲਗਾਉਣ ਲੱਗਾ। ਇਸ ਪਰੇਸ਼ਾਨੀ ਤੋਂ ਤੰਗ ਆ ਕੇ ਗੁਰਵੀਰ ਨੇ 31 ਜੁਲਾਈ ਨੂੰ ਜ਼ਹਿਰੀਲੀ ਚੀਜ਼ ਨਿਗਲ ਲਈ, ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪਹਿਲਾਂ ਹੁਸ਼ਿਆਰਪੁਰ ਅਤੇ ਫਿਰ ਜਲੰਧਰ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਤਰਲੋਕ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਗੜ੍ਹਦੀਵਾਲਾ ਪੁਲਿਸ ਨੇ ਏਜੰਟ ਖ਼ਿਲਾਫ਼ ਧਾਰਾ 108 BNS (ਖੁਦਕੁਸ਼ੀ ਲਈ ਮਜ਼ਬੂਰ ਕਰਨਾ) ਤਹਿਤ ਕੇਸ ਦਰਜ ਕਰ ਲਿਆ ਹੈ। ਦੋਸ਼ੀ ਏਜੰਟ ਫਰਾਰ ਹੈ ਅਤੇ ਪੁਲਿਸ ਛਾਪੇਮਾਰੀ ਕਰ ਰਹੀ ਹੈ।