-ਵਾਅਦੇ ਤੋਂ ਵਿਕਾਸ ਵੱਲ: ਕਦੰਬਾ ਟੂਰਿਸਟ ਕੰਪਲੈਕਸ, ਗਲਾਸ ਬ੍ਰਿਜ਼, ਰਿਵਰ ਵਿਊ ਅਤੇ ਹੋਰ ਪ੍ਰੋਜੈਕਟ ਨੰਗਲ ਨੂੰ ਦੇਣਗੇ ਨਵੀਂ ਪਛਾਣ
ਨੰਗਲ: ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੰਗਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦਾ ਖਾਕਾ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਲ 2022 ਵਿੱਚ ਸੂਬਾ ਵਾਸੀਆਂ ਨਾਲ ਕੀਤੇ ਗਏ ਵਾਅਦਿਆਂ ਨੂੰ ਜ਼ਮੀਨੀ ਪੱਧਰ ਉੱਤੇ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਅਤੇ ਕੇਵਲ ਨੀਂਹ ਪੱਥਰ ਨਹੀਂ, ਬਲਕਿ ਵਿਕਾਸ ਕਾਰਜਾਂ ਦੀ ਠੋਸ ਨੀਂਹ ਰੱਖੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਬਹੁ-ਕਰੋੜੀ ਫਲਾਈਓਵਰ ਦੇ ਉਦਘਾਟਨ ਨਾਲ ਨੰਗਲ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੀ ਹੈ। ਇਹ ਫਲਾਈਓਵਰ, ਜੋ ਮੁਕੰਮਲ ਨਾ ਹੋਣ ਕਾਰਨ ਲੰਬੇ ਸਮੇਂ ਤੋਂ ਸਮੱਸਿਆ ਬਣਿਆ ਹੋਇਆ ਸੀ, ਹੁਣ ਪੂਰੀ ਤਰ੍ਹਾਂ ਕਾਰਜਸ਼ੀਲ ਹੈ, ਜਿਸ ਨਾਲ ਕਾਰੋਬਾਰ ਨੂੰ ਉਤਸ਼ਾਹ ਮਿਲਿਆ ਹੈ ਅਤੇ ਲੋਕਾਂ ਲਈ ਆਉਣਾ-ਜਾਣਾ ਸੁਖਾਲਾ ਹੋ ਗਿਆ ਹੈ। ਇਸਦੇ ਮੁਕੰਮਲ ਹੋਣ ਨਾਲ ਸ਼ਹਿਰ ਵਿੱਚ ਰਾਹਤ ਅਤੇ ਨਵੀਂ ਊਰਜਾ ਦੀ ਲਹਿਰ ਦੇਖਣ ਨੂੰ ਮਿਲੀ ਹੈ।
ਸਿੱਖਿਆ ਖੇਤਰ ਵਿੱਚ ਕੀਤੇ ਗਏ ਸੁਧਾਰਾਂ 'ਤੇ ਚਾਨਣਾ ਪਾਉਂਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਪ੍ਰਣਾਲੀ ਅਤੇ ਆਧੁਨਿਕ ਸਹੂਲਤਾਂ ਨੂੰ ਯਕੀਨੀ ਬਣਾਇਆ ਹੈ। ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਅਧਿਕਾਰੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਪ੍ਰਤੀ ਜ਼ਿਆਦਾ ਜਵਾਬਦੇਹ ਹੋ ਗਏ ਹਨ, ਜੋ ਕਿ ਸਮੂਹਿਕ ਯਤਨਾਂ ਅਤੇ ਮਜ਼ਬੂਤ ਸ਼ਾਸਨ ਦਾ ਪ੍ਰਮਾਣ ਹੈ।
ਸ. ਹਰਜੋਤ ਬੈਂਸ ਨੇ ਦੱਸਿਆ ਕਿ ਆਗਾਮੀ 'ਕਦੰਬਾ ਟੂਰਿਸਟ ਕੰਪਲੈਕਸ' ਨਾ ਕੇਵਲ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗਾ ਬਲਕਿ ਸਥਾਨਕ ਲੋਕਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਵੀ ਕਰੇਗਾ। ਇਸ ਪ੍ਰਾਜੈਕਟ ਦੀ ਟੈਂਡਰ ਪ੍ਰਕਿਰਿਆ ਚੱਲ ਰਹੀ ਅਤੇ ਇਸ ਦੀ ਉਸਾਰੀ ਜਲਦੀ ਸ਼ੁਰੂ ਹੋਣ ਦੀ ਉਮੀਦ ਹੈ। ਇਹ ਅਹਿਮ ਪ੍ਰੋਜੈਕਟ ਨੰਗਲ ਨੂੰ ਸੈਰ-ਸਪਾਟੇ ਦੇ ਨਕਸ਼ੇ 'ਤੇ ਇੱਕ ਨਵੀਂ ਪਛਾਣ ਦੇਵੇਗਾ।
ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਨੰਗਲ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਸਤਲੁਜ ਦਰਿਆ ਦੇ ਨਾਲ ਇੱਕ ਖੂਬਸੂਰਤ ‘ਰਿਵਰ ਵਿਊ’ ਵਿਕਸਤ ਕਰਨ ਦੀ ਯੋਜਨਾ ਹੈ, ਜਿਸ ਵਿੱਚ ਹਰਿਆਲੀ ਲਈ ਰੁੱਖ-ਬੂਟੇ ਅਤੇ ਆਧੁਨਿਕ ਢੰਗ ਦੀਆਂ ਲਾਈਟਾਂ ਦੀ ਵਿਵਸਥਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਤਲੁਜ ਪਾਰਕ ਨੇੜੇ ਇੱਕ ‘ਗਲਾਸ ਬ੍ਰਿਜ’ ਬਣਾਉਣ ਦੀ ਵੀ ਯੋਜਨਾ ਹੈ। ਇਨ੍ਹਾਂ ਪ੍ਰੋਜੈਕਟਾਂ ਲਈ ਟੈਂਡਰ ਮੰਗੇ ਗਏ ਹਨ ਅਤੇ ਉਸਾਰੀ ਜਲਦੀ ਸ਼ੁਰੂ ਹੋਣ ਦੀ ਉਮੀਦ ਹੈ। ਇਹ ਪ੍ਰੋਜੈਕਟ ਨਾ ਕੇਵਲ ਨੰਗਲ ਦੀ ਖੂਬਸੂਰਤੀ ਨੂੰ ਵਧਾਉਣਗੇ ਬਲਕਿ ਹੋਰ ਸੈਲਾਨੀਆਂ ਨੂੰ ਵੀ ਆਕਰਸ਼ਿਤ ਕਰਨਗੇ।
ਸਿੱਖਿਆ ਮੰਤਰੀ ਨੇ ਅੱਗੇ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਵਿੱਚ ਕਰੋੜਾਂ ਦੀ ਲਾਗਤ ਨਾਲ ਇੱਕ ਅਤਿ-ਆਧੁਨਿਕ ਇਨਡੋਰ ਸਵੀਮਿੰਗ ਪੂਲ ਬਣਾਇਆ ਜਾ ਰਿਹਾ ਹੈ, ਜੋ ਸੂਬੇ ਦੇ ਖੇਡ ਬੁਨਿਆਦੀ ਢਾਂਚੇ ਵਿੱਚ ਇੱਕ ਨਵੀਂ ਮਿਸਾਲ ਕਾਇਮ ਕਰੇਗਾ। ਇਹ ਪੂਲ ਸਥਾਨਕ ਖੇਡ ਪ੍ਰਤਿਭਾ ਨੂੰ ਨਿਖਾਰੇਗਾ ਅਤੇ ਨੰਗਲ ਨੂੰ ਖੇਡ ਨਕਸ਼ੇ ’ਤੇ ਹੋਰ ਪਕੇਰੇ ਢੰਗ ਨਾਲ ਉਭਾਰੇਗਾ।
ਸਿਹਤ ਅਤੇ ਸਿੱਖਿਆ ਖੇਤਰ ਵਿੱਚ ਨਵੀਆਂ ਪਹਿਲਕਦਮੀਆਂ ਨੂੰ ਉਜਾਗਰ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬੀਬੀਐਮਬੀ ਨੂੰ ਆਮ ਆਦਮੀ ਕਲੀਨਿਕ ਅਤੇ ਇੱਕ ਉੱਚ-ਸ਼੍ਰੇਣੀ ਦੀ ਲਾਇਬ੍ਰੇਰੀ ਲਈ ਜਗ੍ਹਾ ਅਲਾਟ ਕਰਨ ਲਈ ਬੇਨਤੀ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਸ਼ਹਿਰ ਵਿੱਚ ਸਿਹਤ ਅਤੇ ਸਿੱਖਿਆ ਸਹੂਲਤਾਂ ਆਸਾਨੀ ਨਾਲ ਮਿਲ ਸਕਣ।
ਉਨ੍ਹਾਂ ਨੇ ਇਸ ਤਰੱਕੀ ਦਾ ਸਿਹਰਾ ਜਨਤਾ ਦੇ ਵਿਸ਼ਵਾਸ ਨੂੰ ਦਿੰਦਿਆਂ ਕਿਹਾ ਕਿ ਸਾਲ 2022 ਵਿੱਚ ਕੀਤੇ ਗਏ ਵਾਅਦਿਆਂ ਅਨੁਸਾਰ ਨੰਗਲ ਨੂੰ ਇੱਕ ਵੱਖਰੀ ਪਛਾਣ ਦੇਣ ਲਈ ਕਾਰਜ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪਾਰਦਰਸ਼ਤਾ, ਜਵਾਬਦੇਹੀ ਅਤੇ ਜਨਤਕ ਹਿੱਤਾਂ ਨੂੰ ਤਰਜੀਹ ਦਿੰਦੀ ਹੈ। ਸ. ਬੈਂਸ ਨੇ ਅੰਤ ਵਿੱਚ ਦ੍ਰਿੜ੍ਹਤਾ ਨਾਲ ਕਿਹਾ ਕਿ ਨੰਗਲ ਇੱਕ ਮਾਡਲ ਸੈਰ-ਸਪਾਟਾ ਸਥਾਨ ਵਜੋਂ ਉਭਰੇਗਾ ਅਤੇ ਨਾਗਰਿਕਾਂ ਨੂੰ ਇਸਦੀ ਵਿਕਾਸ ਯਾਤਰਾ ਵਿੱਚ ਭਾਈਵਾਲੀ ਬਣਨ ਅਤੇ ਤਰੱਕੀ ਲਈ ਸ਼ਹਿਰ ਨੂੰ ਸਾਫ਼ ਅਤੇ ਹਰਾ-ਭਰਾ ਰੱਖਣ ਦੀ ਅਪੀਲ ਵੀ ਕੀਤੀ।