ਗੁਰਾਇਆ: ਗੁਰਾਇਆ ਇਲਾਕੇ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਮੋਟਰਸਾਈਕਲ ਟਰੱਕ ਦੇ ਹੇਠਾਂ ਜਾ ਫਸਿਆ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਸੜਕ ਸੁਰੱਖਿਆ ਫੋਰਸ (SSF) ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਕਿਸੇ ਰਾਹਗੀਰ ਨੇ ਹਾਦਸੇ ਦੀ ਸੂਚਨਾ ਦਿੱਤੀ ਸੀ। ਜਾਣਕਾਰੀ ਮਿਲਦੇ ਹੀ SSF ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਉੱਥੇ ਮੋਟਰਸਾਈਕਲ ਟਰੱਕ ਹੇਠਾਂ ਫਸਿਆ ਹੋਇਆ ਸੀ, ਜਦਕਿ ਤਿੰਨ ਵਿਅਕਤੀ ਗੰਭੀਰ ਹਾਲਤ ਵਿੱਚ ਸੜਕ ’ਤੇ ਪਏ ਸਨ।
SSF ਟੀਮ ਨੇ ਤੁਰੰਤ 108 ਐਂਬੂਲੈਂਸ ਨੂੰ ਸੂਚਿਤ ਕੀਤਾ। ਐਂਬੂਲੈਂਸ ਦੇ ਮੌਕੇ ’ਤੇ ਪਹੁੰਚਣ ਤੋਂ ਬਾਅਦ ਤਿੰਨਾਂ ਨੂੰ ਜਾਂਚ ਉਪਰੰਤ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇਣ ਤੋਂ ਬਾਅਦ ਥਾਣਾ ਗੁਰਾਇਆ ਦੇ IO ਏਐਸਆਈ ਬਾਵਾ ਸਿੰਘ ਨੂੰ ਮੌਕੇ ’ਤੇ ਬੁਲਾਇਆ ਗਿਆ। ਉਨ੍ਹਾਂ ਦੀ ਮੌਜੂਦਗੀ ਵਿੱਚ ਤਿੰਨਾਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਨਿੱਜੀ ਵਾਹਨ ਰਾਹੀਂ ਸਿਵਲ ਹਸਪਤਾਲ ਫਿਲੌਰ ਭੇਜਿਆ ਗਿਆ।
ਇਸ ਤੋਂ ਬਾਅਦ SSF ਟੀਮ ਨੇ ਡਿਊਟੀ ਅਫਸਰ ਦੀ ਮਦਦ ਨਾਲ ਮੋਟਰਸਾਈਕਲ ਨੂੰ ਟਰੱਕ ਦੇ ਹੇਠੋਂ ਬਾਹਰ ਕਢਵਾਇਆ ਅਤੇ ਉਸ ਨੂੰ ਥਾਣਾ ਗੁਰਾਇਆ ਭੇਜ ਦਿੱਤਾ। ਹਾਈਡਰਾ ਮਸ਼ੀਨ ਦੀ ਮਦਦ ਨਾਲ ਟਰੱਕ ਨੂੰ ਵੀ ਓਵਰਬ੍ਰਿਜ ਤੋਂ ਸਾਈਡ ਕਰਵਾਇਆ ਗਿਆ, ਜਿਸ ਨਾਲ ਸੜਕ ’ਤੇ ਆਵਾਜਾਈ ਨੂੰ ਮੁੜ ਸੁਚਾਰੂ ਬਣਾਇਆ ਜਾ ਸਕੇ। ਹਾਦਸਾ ਕਿਵੇਂ ਵਾਪਰਿਆ ਅਤੇ ਇਸ ਦੇ ਪਿੱਛੇ ਕੀ ਕਾਰਨ ਸਨ, ਇਸ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।