ਲੁਧਿਆਣਾ, 6 ਸਤੰਬਰ: ਲੁਧਿਆਣਾ ਵਿੱਚ ਜਾਇਦਾਦ ਦੇ ਲਾਲਚ ਵਿੱਚ ਇੱਕ ਦੋਹਤੇ ਵੱਲੋਂ ਆਪਣੀ ਨਾਨੀ ਦਾ ਕਥਿਤ ਤੌਰ ’ਤੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਪਹਿਲਾਂ ਇਸਨੂੰ ਦਿਲ ਦਾ ਦੌਰਾ ਜਾਂ ਕੁਦਰਤੀ ਮੌਤ ਸਮਝ ਕੇ ਅੰਤਿਮ ਸਸਕਾਰ ਕਰ ਦਿੱਤਾ ਸੀ। ਬਾਅਦ ਵਿੱਚ ਸਾਹਮਣੇ ਆਈ CCTV ਫੁਟੇਜ ਨੇ ਪੂਰੇ ਮਾਮਲੇ ਦੀ ਦਿਸ਼ਾ ਬਦਲ ਦਿੱਤੀ।
CCTV ਵਿੱਚ ਦੋਹਤਾ ਨਾਨੀ ਨਾਲ ਝਗੜਾ ਅਤੇ ਕਥਿਤ ਤੌਰ ’ਤੇ ਕੁੱਟਮਾਰ ਕਰਦਾ ਦਿਖਾਈ ਦਿੱਤਾ। ਫੁਟੇਜ ਵਿੱਚ ਉਹ ਨਾਨੀ ਉੱਪਰ ਬੈਠ ਕੇ ਤਕੀਏ ਨਾਲ ਉਸਦਾ ਮੂੰਹ ਅਤੇ ਗਲਾ ਦਬਾਉਂਦਾ ਵੀ ਨਜ਼ਰ ਆ ਰਿਹਾ ਹੈ। ਫੁਟੇਜ ਦੇ ਆਧਾਰ ’ਤੇ ਪੁਲਿਸ ਨੇ ਪਹਿਲਾਂ ਦਰਜ ਕੀਤੀ ਕੁਦਰਤੀ ਮੌਤ ਦੀ ਕਾਰਵਾਈ ਨੂੰ ਕਤਲ ਦੇ ਮਾਮਲੇ ਵਿੱਚ ਤਬਦੀਲ ਕਰ ਦਿੱਤਾ ਹੈ।
ਪੁਲਿਸ ਨੇ ਮਾਮਲੇ ਵਿੱਚ ਗੁਰਕੀਰਤ ਸਿੰਘ ਉਰਫ਼ ਗੋਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਥਿਤ ਤੌਰ ’ਤੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਕਤਲ ਦੇ ਕਾਰਨ ਬਾਰੇ ਵੀ ਜਾਣਕਾਰੀ ਦਿੱਤੀ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।