ਚੰਡੀਗੜ੍ਹ/ਗੜ੍ਹਸ਼ੰਕਰ, 8 ਅਕਤੂਬਰ: ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਅੱਜ ਹਲਕੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਵਿਸ਼ੇਸ਼ ਦੌਰਾ ਕਰਦਿਆਂ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਡਿਪਟੀ ਸਪੀਕਰ ਰੌੜੀ ਨੇ ਰੋੜ ਮਜਾਰਾ, ਸਮੁੰਦੜਾ, ਪਨਾਮ, ਗੜ੍ਹਸ਼ੰਕਰ, ਮੇਗੋਵਾਲ, ਮਾਹਿਲਪੁਰ ਅਤੇ ਮੋਰਾਂਵਾਲੀ ਦੀਆਂ ਮੰਡੀਆਂ ਵਿੱਚ ਪਹੁੰਚ ਕੇ ਕਿਸਾਨਾਂ, ਆੜ੍ਹਤੀਆਂ ਅਤੇ ਮੰਡੀ ਨਾਲ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ।