ਨਵੀਂ ਦਿੱਲੀ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਨ ਜੋਸ ਵਿੱਚ ਇੱਕ ਛੋਟਾ ਜਹਾਜ਼ ਉੱਡਦੇ ਹੋਏ ਐਕਸਪ੍ਰੈੱਸਵੇਅ ’ਤੇ ਕ੍ਰੈਸ਼ ਹੋ ਗਿਆ। ਹਾਦਸੇ ਦੀ ਖ਼ੌਫ਼ਨਾਕ ਵੀਡੀਓ ਸੜਕ ’ਤੇ ਟ੍ਰੈਫਿਕ ਸਿਗਨਲ ’ਤੇ ਖੜ੍ਹੀ ਇੱਕ ਕਾਰ ਦੇ ਡੈਸ਼ਕੈਮ ਵਿੱਚ ਕੈਦ ਹੋ ਗਈ। ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ ਵਿੱਚ ਸਵਾਰ ਦੋ ਬਾਲਗਾਂ ਅਤੇ ਇੱਕ ਬੱਚੇ ਸਮੇਤ ਤਿੰਨੇ ਜਣੇ ਸੁਰੱਖਿਅਤ ਬਚ ਗਏ।
ਖੰਭੇ ਨਾਲ ਟਕਰਾਉਣ ਤੋਂ ਬਾਅਦ ਸੜਕ ’ਤੇ ਡਿੱਗਿਆ ਜਹਾਜ਼
ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਵੀਡੀਓ ਅਨੁਸਾਰ, ਇਹ ਹਾਦਸਾ ਸ਼ਨੀਵਾਰ ਨੂੰ ਸੈਨ ਜੋਸ ਦੇ ਕੈਪੀਟੋਲ ਐਕਸਪ੍ਰੈੱਸਵੇਅ ਅਤੇ ਐਕਸਕੈਲੀਬਰ ਡਰਾਈਵ ਦੇ ਚੌਰਾਹੇ ਨੇੜੇ ਵਾਪਰਿਆ। ਇੱਕ ਛੋਟਾ ਪ੍ਰੋਪੈਲਰ ਜਹਾਜ਼ ਕਾਫ਼ੀ ਘੱਟ ਉਚਾਈ ’ਤੇ ਉੱਡਦਾ ਦਿਖਾਈ ਦਿੱਤਾ। ਇਸ ਦੌਰਾਨ ਜਹਾਜ਼ ਦਾ ਇੱਕ ਖੰਭ ਸੜਕ ਕਿਨਾਰੇ ਲੱਗੇ ਸਟ੍ਰੀਟ ਲਾਈਟ ਦੇ ਖੰਭੇ ਨਾਲ ਟਕਰਾ ਗਿਆ। ਟੱਕਰ ਕਾਰਨ ਜਹਾਜ਼ ਦਾ ਖੰਭ ਟੁੱਟ ਗਿਆ ਅਤੇ ਜਹਾਜ਼ ਬੇਕਾਬੂ ਹੋ ਕੇ ਅਗਲੇ ਹਿੱਸੇ ਦੇ ਭਾਰ ਸੜਕ ’ਤੇ ਜਾ ਡਿੱਗਿਆ। ਹਾਦਸੇ ਦੀਆਂ ਤਸਵੀਰਾਂ ਵਿੱਚ ਜਹਾਜ਼ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਦਿਖਾਈ ਦਿੱਤਾ।
ਬੱਚੇ ਸਮੇਤ ਤਿੰਨ ਜਣਿਆਂ ਨੂੰ ਹਸਪਤਾਲ ਲਿਜਾਇਆ
ਸੈਨ ਜੋਸ ਫਾਇਰ ਵਿਭਾਗ ਮੁਤਾਬਕ, ਜਹਾਜ਼ ਵਿੱਚ ਦੋ ਬਾਲਗ ਅਤੇ ਇੱਕ ਬੱਚਾ ਸਵਾਰ ਸਨ। ਹਾਦਸੇ ਦੀ ਗੰਭੀਰਤਾ ਨੂੰ ਦੇਖਦਿਆਂ ਤਿੰਨਾਂ ਨੂੰ ਸਾਵਧਾਨੀ ਵਜੋਂ ਨੇੜਲੇ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਕਿਸੇ ਨੂੰ ਵੀ ਜਾਨਲੇਵਾ ਸੱਟ ਨਹੀਂ ਲੱਗੀ। ਅਧਿਕਾਰੀਆਂ ਅਨੁਸਾਰ, ਵਿਅਸਤ ਸੜਕ ’ਤੇ ਹਾਦਸਾ ਹੋਣ ਦੇ ਬਾਵਜੂਦ ਕੋਈ ਹੋਰ ਵਾਹਨ ਇਸ ਦੀ ਲਪੇਟ ਵਿੱਚ ਨਹੀਂ ਆਇਆ। ਟੱਕਰ ਤੋਂ ਬਾਅਦ ਸੜਕ ’ਤੇ ਥੋੜ੍ਹਾ ਜਿਹਾ ਬਾਲਣ ਵੀ ਡੁੱਲ੍ਹ ਗਿਆ ਸੀ, ਜਿਸ ਨੂੰ ਸੁਰੱਖਿਆ ਕਰਮਚਾਰੀਆਂ ਨੇ ਸਮੇਂ ਸਿਰ ਸਾਫ਼ ਕਰ ਦਿੱਤਾ।
24 ਘੰਟਿਆਂ ਵਿੱਚ ਦੂਜਾ ਜਹਾਜ਼ ਹਾਦਸਾ
ਸੈਨ ਜੋਸ ਵਿੱਚ ਦੋ ਦਿਨਾਂ ਅੰਦਰ ਇਹ ਦੂਜਾ ਜਹਾਜ਼ ਹਾਦਸਾ ਸੀ। ਇਸ ਤੋਂ ਇੱਕ ਦਿਨ ਪਹਿਲਾਂ, ਸ਼ੁੱਕਰਵਾਰ ਨੂੰ ਰੀਡ-ਹਿੱਲਵਿਊ ਹਵਾਈ ਅੱਡੇ ’ਤੇ ਉਤਰਨ ਸਮੇਂ ਇੱਕ ਹੋਰ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਸੈਨ ਜੋਸ ਫਾਇਰ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਦੱਸਿਆ ਸੀ ਕਿ ਲੈਂਡਿੰਗ ਗੀਅਰ ਵਿੱਚ ਤਕਨੀਕੀ ਖ਼ਰਾਬੀ ਆਉਣ ਕਾਰਨ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਉਸ ਹਾਦਸੇ ਵਿੱਚ ਵੀ ਜਹਾਜ਼ ਵਿੱਚ ਸਵਾਰ ਦੋਵੇਂ ਵਿਅਕਤੀ ਸੁਰੱਖਿਅਤ ਬਚ ਗਏ ਸਨ ਅਤੇ ਖ਼ੁਦ ਬਾਹਰ ਨਿਕਲ ਆਏ ਸਨ। ਉਸ ਘਟਨਾ ਵਿੱਚ ਬਾਲਣ ਦਾ ਰਿਸਾਅ ਵੀ ਨਹੀਂ ਹੋਇਆ ਸੀ।