ਨਵੀਂ ਦਿੱਲੀ: ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਆਟੋ ਡੀਲਰਸ਼ਿਪ ਨੂੰ ਨਿਸ਼ਾਨਾ ਬਣਾ ਕੇ ਕਥਿਤ ਜਬਰੀ ਵਸੂਲੀ, ਗੋਲੀਬਾਰੀ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਦੀ ਜਾਂਚ ਦੌਰਾਨ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਨੇ ਭਾਰਤੀ ਮੂਲ ਦੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਜਬਰੀ ਵਸੂਲੀ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਦੋਸ਼ ਲਾਏ ਹਨ।
ਪੁਲਿਸ ਅਨੁਸਾਰ ‘ਪ੍ਰੋਜੈਕਟ ਈ-ਪਰਸੂਅੰਸ’ ਨਾਮ ਦੀ ਜਾਂਚ ਜੂਨ 2025 ਵਿੱਚ ਸ਼ੁਰੂ ਕੀਤੀ ਗਈ ਸੀ। ਇੱਕ ਆਟੋ ਡੀਲਰਸ਼ਿਪ ਦੇ ਸਹਿ-ਮਾਲਕਾਂ ਨੇ ਜਬਰੀ ਵਸੂਲੀ ਦੀਆਂ ਧਮਕੀਆਂ ਮਿਲਣ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਸਰੀ ਅਤੇ ਲੈਂਗਲੀ ਸਥਿਤ ਡੀਲਰਸ਼ਿਪ ਦੇ ਟਿਕਾਣਿਆਂ ’ਤੇ ਗੋਲੀਬਾਰੀ ਅਤੇ ਅੱਗ ਲਾਉਣ ਦੀਆਂ ਘਟਨਾਵਾਂ ਵਾਪਰੀਆਂ।
5 ਮੁਲਜ਼ਮਾਂ ਖ਼ਿਲਾਫ਼ ਦੋਸ਼ ਮਨਜ਼ੂਰ
ਬੀਸੀ ਪ੍ਰੋਸੀਕਿਊਸ਼ਨ ਸਰਵਿਸ ਨੇ 1 ਅਕਤੂਬਰ ਨੂੰ ਪੰਜ ਮੁਲਜ਼ਮਾਂ ਖ਼ਿਲਾਫ਼ ਦੋਸ਼ ਮਨਜ਼ੂਰ ਕੀਤੇ। ਇਨ੍ਹਾਂ ਦੀ ਪਛਾਣ 23 ਸਾਲਾ ਸੰਕੇਤ ਸਿੰਗਲਾ, 24 ਸਾਲਾ ਸਾਹਿਲ, 24 ਸਾਲਾ ਸਿਮਰਨਜੀਤ ਸਿੰਘ, 21 ਸਾਲਾ ਹਰਸ਼ ਅਤੇ 24 ਸਾਲਾ ਜਗਦੀਪ ਸਿੰਘ ਵਜੋਂ ਹੋਈ ਹੈ। ਸੰਕੇਤ ਸਿੰਗਲਾ ਭਾਰਤੀ ਨਾਗਰਿਕ ਹੈ, ਜਦਕਿ ਸਾਹਿਲ, ਸਿਮਰਨਜੀਤ ਸਿੰਘ ਅਤੇ ਹਰਸ਼ ਸਰੀ ਦੇ ਰਹਿਣ ਵਾਲੇ ਹਨ। ਜਗਦੀਪ ਸਿੰਘ ਓਟਾਵਾ ਦਾ ਵਸਨੀਕ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਨੂੰ ਜਬਰੀ ਵਸੂਲੀ, ਜਨਤਕ ਥਾਂ ’ਤੇ ਲਾਪਰਵਾਹੀ ਨਾਲ ਗੋਲੀ ਚਲਾਉਣ, ਅੱਗਜ਼ਨੀ ਨਾਲ ਸਬੰਧਤ ਅਪਰਾਧਾਂ, ਹਥਿਆਰਾਂ ਦੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਰਤ ਤੋਂ ਕੈਨੇਡਾ ਪਹੁੰਚਣ ’ਤੇ ਸੰਕੇਤ ਸਿੰਗਲਾ ਗ੍ਰਿਫ਼ਤਾਰ
RCMP ਅਨੁਸਾਰ ਜਾਂਚ ਦੌਰਾਨ ਸੰਕੇਤ ਸਿੰਗਲਾ ਭਾਰਤ ਵਿੱਚ ਸੀ। ਜਾਂਚਕਰਤਾਵਾਂ ਨੇ ਉਸ ਦੀ ਕਥਿਤ ਭੂਮਿਕਾ ਦੀ ਪਛਾਣ ਕਰਨ ਤੋਂ ਬਾਅਦ ਕੈਨੇਡਾ ਦੀਆਂ ਇਮੀਗ੍ਰੇਸ਼ਨ ਅਤੇ ਸਰਹੱਦੀ ਏਜੰਸੀਆਂ ਨਾਲ ਤਾਲਮੇਲ ਕੀਤਾ। ਇਸ ਕਾਰਵਾਈ ਤਹਿਤ ਉਸ ਦੇ ਕੈਨੇਡਾ ਪਹੁੰਚਣ ਦਾ ਪ੍ਰਬੰਧ ਕੀਤਾ ਗਿਆ, ਤਾਂ ਜੋ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। 1 ਅਕਤੂਬਰ ਨੂੰ ਟੋਰਾਂਟੋ ਪਹੁੰਚਣ ’ਤੇ ਸਿੰਗਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਹਾਲੇ ਹਿਰਾਸਤ ਵਿੱਚ ਹੈ। ਬਾਕੀ ਚਾਰ ਮੁਲਜ਼ਮਾਂ ਨੂੰ ਸਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹ ਵੀ ਹਿਰਾਸਤ ਵਿੱਚ ਹਨ।
ਚਾਰ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ
ਪੁਲਿਸ ਨੇ ਜਾਂਚ ਦੌਰਾਨ ਚਾਰ ਹਥਿਆਰ, ਗੋਲਾ-ਬਾਰੂਦ, ਮੈਗਜ਼ੀਨ ਅਤੇ ਫੈਂਟਾਨਿਲ, ਕੋਕੀਨ ਤੇ ਅਫ਼ੀਮ ਹੋਣ ਦਾ ਸ਼ੱਕੀ ਨਸ਼ੀਲਾ ਪਦਾਰਥ ਬਰਾਮਦ ਕਰਨ ਦੀ ਜਾਣਕਾਰੀ ਦਿੱਤੀ ਹੈ। ਜਾਂਚਕਰਤਾਵਾਂ ਨੂੰ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚ ਜਬਰੀ ਵਸੂਲੀ ਅਤੇ ਹਿੰਸਕ ਘਟਨਾਵਾਂ ਵਿੱਚ ਹੋਰ ਸ਼ੱਕੀਆਂ ਦੀ ਸੰਭਾਵਿਤ ਸ਼ਮੂਲੀਅਤ ਬਾਰੇ ਵੀ ਸਬੂਤ ਮਿਲੇ ਹਨ। ਪੁਲਿਸ ਨੇ ਕਿਹਾ ਕਿ ਜਾਂਚ ਅੱਗੇ ਵਧਣ ਨਾਲ ਹੋਰ ਦੋਸ਼ ਲਾਏ ਜਾ ਸਕਦੇ ਹਨ।
ਇਹ ਸਾਂਝੀ ਕਾਰਵਾਈ ਲੈਂਗਲੀ RCMP ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿੱਚ ਬੀਸੀ ਦੀ ਸੰਗਠਿਤ ਅਪਰਾਧ ਰੋਕੂ ਇਕਾਈ ਅਤੇ ਫੈਡਰਲ ਪੁਲਿਸਿੰਗ ਪੈਸਿਫਿਕ ਰੀਜਨ ਨੇ ਸਹਿਯੋਗ ਦਿੱਤਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗੁੰਝਲਦਾਰ ਸੰਗਠਿਤ ਅਪਰਾਧਾਂ ਦੀ ਜਾਂਚ ਵਿੱਚ ਵੱਖ-ਵੱਖ ਏਜੰਸੀਆਂ ਵਿਚਕਾਰ ਤਾਲਮੇਲ ਅਹਿਮ ਭੂਮਿਕਾ ਨਿਭਾਉਂਦਾ ਹੈ।