ਕਾਠਮੰਡੂ, 27 ਸਤੰਬਰ : ਨੇਪਾਲ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਹੜ੍ਹ ਅਤੇ ਲੈਂਡਸਲਾਈਡ ਨੇ ਹਾਲਾਤ ਵਿਗਾੜ ਦਿੱਤੇ ਹਨ। ਹੁਣ ਤੱਕ 6 ਲੋਕਾਂ ਦੀ ਮੌਤ ਦੀ ਸੂਚਨਾ ਹੈ। ਬਾਗਲੁੰਗ ਜ਼ਿਲ੍ਹੇ ਵਿੱਚ ਲੈਂਡਸਲਾਈਡ ਕਾਰਨ ਇੱਕ ਘਰ ਮਲਬੇ ਹੇਠ ਦੱਬ ਗਿਆ, ਜਿਸ ਵਿੱਚ ਇੱਕ ਮਹਿਲਾ ਅਤੇ ਉਸ ਦੇ ਤਿੰਨ ਪੁੱਤਰਾਂ ਦੀ ਮੌਤ ਹੋ ਗਈ। ਪਾਲਪਾ ਜ਼ਿਲ੍ਹੇ ਵਿੱਚ ਵੀ 2 ਲੋਕਾਂ ਦੀ ਜਾਨ ਗਈ ਹੈ।
ਹੜ੍ਹ ਅਤੇ ਲੈਂਡਸਲਾਈਡ ਕਾਰਨ ਕਈ ਘਰ ਅਤੇ ਪੁਲ ਰੁੜ੍ਹ ਗਏ ਹਨ। ਕਈ ਥਾਵਾਂ ’ਤੇ ਹਾਈਵੇਅ ਬੰਦ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਬੁਟਵਲ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ 1, 000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਕਰੀਬ 200 ਪਰਿਵਾਰਾਂ ਨੂੰ ਵੀ ਘਰਾਂ ਤੋਂ ਬਾਹਰ ਕੱਢਿਆ ਗਿਆ ਹੈ।
ਖਤਰੇ ਦੇ ਨਿਸ਼ਾਨ ਤੋਂ 2 ਮੀਟਰ ਉੱਪਰ ਨਾਰਾਇਣੀ ਦਰਿਆ
ਲਗਾਤਾਰ ਮੀਂਹ ਕਾਰਨ ਨੇਪਾਲ ਦੀਆਂ ਕਈ ਨਦੀਆਂ ਦਾ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ। ਦੇਵਘਾਟ ਵਿੱਚ ਐਤਵਾਰ ਸਵੇਰੇ 7:45 ਵਜੇ ਨਾਰਾਇਣੀ ਦਰਿਆ 11 ਮੀਟਰ ਦੇ ਪੱਧਰ ’ਤੇ ਵਹਿ ਰਿਹਾ ਸੀ, ਜੋ ਖਤਰੇ ਦੇ ਨਿਸ਼ਾਨ ਤੋਂ ਕਰੀਬ 2 ਮੀਟਰ ਉੱਪਰ ਹੈ। ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।
ਹਾਈਡ੍ਰੋਪਾਵਰ ਪ੍ਰੋਜੈਕਟ ਪ੍ਰਭਾਵਿਤ
ਹੜ੍ਹ ਕਾਰਨ ਕਈ ਹਾਈਡ੍ਰੋਪਾਵਰ ਪ੍ਰੋਜੈਕਟਾਂ ਵਿੱਚ ਬਿਜਲੀ ਉਤਪਾਦਨ ਰੋਕਣਾ ਪਿਆ ਹੈ। ਕਾਲੀਗੰਡਕੀ, ਅਪਰ ਮਾਦੀ, ਸੁਪਰ ਮਾਦੀ, ਨਾਮਾਰਜੁਨ ਮਾਦੀ ਅਤੇ ਸੇਤੀ ਰਿਵਰ ਪ੍ਰੋਜੈਕਟ ਸਮੇਤ ਕਈ ਯੂਨਿਟ ਪ੍ਰਭਾਵਿਤ ਹੋਏ ਹਨ। 220 ਕੇਵੀ ਕਾਲੀਗੰਡਕੀ ਕੌਰੀਡੋਰ ਟਰਾਂਸਮਿਸ਼ਨ ਲਾਈਨ ਦੇ ਦੋ ਟਾਵਰ ਵੀ ਡਿੱਗ ਗਏ ਹਨ। ਕਈ ਇਲਾਕਿਆਂ ਵਿੱਚ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਮਨਾਂਗ ’ਚ ਹਿਮਸਖਲਨ, 10 ਲਾਪਤਾ
ਮਨਾਂਗ ਜ਼ਿਲ੍ਹੇ ਦੇ ਨਾਰ-ਫੂ ਖੇਤਰ ਵਿੱਚ 7, 126 ਮੀਟਰ ਉੱਚੇ ਹਿਮਲੁੰਗ ਹਿਮਾਲ ’ਤੇ ਹਿਮਸਖਲਨ ਦੀ ਘਟਨਾ ਵਾਪਰੀ ਹੈ। ਇਸ ਤੋਂ ਬਾਅਦ ਪਰਬਤਾਰੋਹੀਆਂ ਅਤੇ ਸਹਾਇਕ ਸਟਾਫ ਸਮੇਤ 10 ਲੋਕਾਂ ਦਾ ਪਤਾ ਨਹੀਂ ਲੱਗ ਰਿਹਾ। ਅਧਿਕਾਰੀ ਲਾਪਤਾ ਲੋਕਾਂ ਦੀ ਭਾਲ ਅਤੇ ਬਚਾਅ ਕਾਰਜਾਂ ਸਬੰਧੀ ਜਾਣਕਾਰੀ ਇਕੱਠੀ ਕਰ ਰਹੇ ਹਨ।
ਇਸ ਤੋਂ ਪਹਿਲਾਂ 26 ਅਗਸਤ ਨੂੰ ਭੋਟੇਕੋਸ਼ੀ ਦਰਿਆ ਵਿੱਚ ਆਏ ਹੜ੍ਹ ਕਾਰਨ ਵੱਡੀ ਤਬਾਹੀ ਹੋਈ ਸੀ। ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ 1, 453 ਲੋਕਾਂ ਦੀ ਮੌਤ ਹੋਈ ਸੀ, ਜਦਕਿ 5, 500 ਤੋਂ ਵੱਧ ਲੋਕ ਲਾਪਤਾ ਦੱਸੇ ਗਏ ਸਨ।