ਪਟਿਆਲਾ:ਭਾਰਤੀ ਸੰਵਿਧਾਨ ਨੇ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ।ਕਿਸੇ ਵੀ ਨਾਗਰਿਕ ਨਾਲ ਰੰਗ, ਭੇਦ, ਨਸਲ ਜਾਂ ਜਾਤ ਆਧਾਰਤ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ।ਇਨ੍ਹਾਂ ਅਧਿਕਾਰਾਂ ਵਿਚੋ ਸੱਭ ਤੋ ਵੱਡਾ ਅਧਿਕਾਰ ਹੈ ਵੋਟ ਪਾਉਣ ਦਾ ਅਧਿਕਾਰ।ਇਸ ਅਧਿਕਾਰ ਦੀ ਵਰਤੋ ਕਰਕੇ ਹੀ ਅਸੀਂ ਵੋਟਰ ਅਖਵਾਉਂਦੇ ਹਾਂ।ਇਕ ਵੋਟਰ ਹੀ ਹੁੰਦਾ ਹੈ ਜੋ ਸਰਕਾਰ ਬਣਾ ਸਕਦਾ ਹੈ ਜਾਂ ਉਸ ਨੂੰ ਗਿਰਾ ਸਕਦਾ ਹੈ।ਵੋਟ ਪਾਉਣ ਲਈ ਸੱਭ ਤੋ ਪਹਿਲਾਂ ਜ਼ਰੂਰੀ ਹੈ ਕਿ ਸਾਡੀ ਵੋਟ ਬਣੀ ਹੋਵੇ।
ਪਰੰਤੂ ਜਿ਼ਆਦਾਤਰ ਕੇਸਾਂ ਵਿਚ ਵੇਖਣ ਵਿਚ ਆਉਂਦਾ ਹੈ ਕਿ ਅਸੀਂ ਆਪਣੀ ਵੋਟ ਉਦੋ ਹੀ ਬਣਾਉਂਦੇ ਹਾਂ ਜਦੋ ਸਾਨੂੰ ਬਹੁਤ ਜਿ਼ਆਦਾ ਲੋੜ ਹੋਵੇ ਜਿਵੇਂ ਕਿ ਵਿਦੇਸ਼ ਜਾਣ ਲਈ, ਪਾਸਪੋਰਟ ਬਣਵਾਉਣ ਸਮੇਂ ਆਦਿ।ਜਦਕਿ ਵੋਟ ਬਣਾਉਣਾ ਅਤੇ ਇਸ ਦੀ ਵਰਤੋ ਕਰਨਾ ਸਾਡਾ ਸੱਭ ਦਾ ਮੁਢਲਾ ਫਰਜ਼ ਹੈ।ਭਾਰਤੀ ਚੋਣ ਕਮਿਸ਼ਨ ਵੱਲੋ ਹਰ ਸਾਲ 1 ਜਨਵਰੀ ਯੋਗਤਾ ਮਿਤੀ ਦੇ ਆਧਾਰ ਉਪਰ ਵੱਖ—ਵੱਖ ਸਮਿਆਂ ਉਪਰ ਫੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਅਤੇ ਸਮਰੀ ਰਵੀਜ਼ਨ ਦੇ ਸ਼ਡਿਊਲ ਜਾਰੀ ਕੀਤੇ ਜਾਂਦੇ ਹਨ ਤਾਂ ਜੋੋ ਯੌਗਤਾ ਮਿਤੀ ਦੇ ਆਧਾਰ ਉਪਰ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹਰ ਯੌਗ ਬਿਨੈਕਾਰ ਆਪਣੀ ਵੋਟ ਬਣਵਾ ਸਕੇ ਅਤੇ ਲੋਕਤੰਤਰ ਵਿਚ ਭਾਗੀਦਾਰ ਬਣ ਸਕੇ।ਲੋਕਤੰਤਰ ਵਿਚ ਵੋਟ ਦਾ ਬਹੁਤ ਮਹੱਤਵ ਹੈ।ਜਿਸ ਤਰ੍ਹਾਂ ਸੜਕ ਉਤੇ ਵਾਹਨ ਚਲਾਉਣ ਲਈ ਡਰਾਇਵਿੰਗ ਲਾਇੰਸਸ ਦੀ ਲੋੜ ਹੁੰਦੀ ਹੈ ਅਤੇ ਡਰਾਇਵਿੰਗ ਲਾਇਸੰਸ ਬਣਵਾਉਣ ਲਈ ਘਟੋ ਘੱਟ ਉਮਰ 18 ਸਾਲ ਨਿਰਧਾਰਤ ਹੈ।
ਇਸੇ ਤਰ੍ਹਾਂ ਦੇਸ਼ ਵੀ ਇਕ ਵਾਹਨ ਵਾਂਗ ਹੈ।ਇਸ ਨੂੰ ਚਲਾਉਣ ਲਈ ਵੀ ਸਾਨੂੰ ਵੋਟ ਬਣਾਉਣੀ ਅਤੇ ਪਾਉਣੀ ਪਵੇਗੀ।ਵੋਟ ਬਣਾਉਣ ਦੀ ਯੋਗਤਾ ਉਮਰ ਵੀ 18 ਸਾਲ ਹੈ। ਫਿਰ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਜੇਕਰ ਡਰਾਇਵਿੰਗ ਲਾਇਸੰਸ ਬਣਵਾਉਣ ਨੂੰ ਅਸੀ ਤਰਜੀਹ ਦਿੰਦੇ ਹਾਂ ਤਾਂ ਵੋਟ ਬਣਵਾਉਣਾ ਵੀ ਸਾਡਾ ਸੰਵਿਧਾਨਕ ਫ਼ਰਜ਼ ਹੈ।ਭਾਰਤੀ ਸੰਵਿਧਾਨ ਦੀ ਧਾਰਾ 325 ਅਤੇ 326 ਰਾਹੀਂ ਦੇਸ਼ ਦੇ ਹਰ ਉਸ ਨਾਗਰਿਕ ਜੋ ਪਾਗ਼ਲ ਜਾਂ ਅਪਰਾਧੀ ਨਾ ਹੋਵੇ, ਨੂੰ ਵੋਟ ਦਾ ਅਧਿਕਾਰ ਪ੍ਰਾਪਤ ਹੈ।ਕਿਸੇ ਵੀ ਨਾਗਰਿਕ ਨੂੰ ਧਰਮ, ਜਾਤੀ, ਵਰਗ, ਫਿ਼ਰਕੇ ਜਾਂ ਲਿੰਗ ਭੇਦ ਕਾਰਨ ਵੋਟ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।ਇਹ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ 1935 ਦੇ ਗਵਰਨਮੈਂਟ ਆਫ਼ ਇੰਡੀਆ ਐਕਟ ਅਨੁਸਾਰ ਸਿਰਫ਼ 13 ਫ਼ੀਸਦੀ ਵੋਟਰਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਸੀ।ਉਸ ਸਮੇਂ ਇਹ ਅਧਿਕਾਰ ਸਿਰਫ਼ ਸਮਾਜਿਕ ਅਤੇ ਆਰਥਿਕ ਤੌੌਰ ਤੇ ਖ਼ੁਸ਼ਹਾਲ ਨਾਗਰਿਕਾਂ ਨੂੰ ਹੀ ਪ੍ਰਾਪਤ ਸੀ।ਪਰ ਆਜ਼ਾਦੀ ਮਗਰੋਂ 26 ਜਨਵਰੀ, 1950 ਵਿਚ ਲਾਗੂ ਹੋਏ ਭਾਰਤੀ ਸੰਵਿਧਾਨ ਨੇ ਇਹ ਵਿਤਕਰਾ ਖ਼ਤਮ ਕਰ ਦਿਤਾ। ਇਹ ਵੀ ਇਕ ਕੋੜਾ ਸੱਚ ਹੈ ਕਿ ਦੇਸ਼ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਅਪਣੀ ਉਮਰ ਦਾ 18ਵਾਂ ਸਾਲ ਪੂਰਾ ਹੋਣ ਦੇ ਬਾਵਜੂਦ ਵੋਟਰ ਸੂਚੀ ਵਿਚ ਆਪਣਾ ਨਾਮ ਦਰਜ ਨਹੀਂ ਕਰਵਾਉਂਦਾ ਜਦਕਿ ਡਰਾਇਵਿੰਗ ਲਾਇਸੰਸ ਜਾਂ ਪਾਸਪੋਰਟ ਆਦਿ ਬਣਵਾਉਣ ਲਈ ਹਰ ਕੋਈ 18 ਸਾਲ ਦੀ ਉਮਰ ਪੂਰੀ ਹੋਣ ਦੀ ਉਡੀਕ ਕਰਦਾ ਹੈ।ਇਹ ਸਾਡਾ ਸੱਭ ਦਾ ਸੰਵਿਧਾਨਕ ਫ਼ਰਜ਼ ਬਣਦਾ ਹੈ ਕਿ ਅਸੀ ਆਪਣਾ ਨਾਮ ਆਪਣੇ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਵਿਚ ਜ਼ਰੂਰ ਦਰਜ ਕਰਵਾਈਏ।
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਵੋਟਰ ਨੂੰ ਆਪਣਾ ਨਾਮ ਆਪਣੇ ਸਬੰਧਤ ਬੂਥ ਦੀ ਵੋਟਰ ਲਿਸਟ ਵਿਚ ਜ਼ਰੂਰ ਦਰਜ ਕਰਵਾਉਣਾ ਚਾਹੀਦਾ ਹੈ। ਇਸ ਤੋਂ ਬਿਨਾਂ ਕੋਈ ਵੀ ਵਿਅਕਤੀ ਵੋਟ ਨਹੀਂ ਪਾ ਸਕਦਾ।ਭਾਰਤੀ ਚੋਣ ਕਮਿਸ਼ਨ ਵੱਲੋ ਇਸ ਵਾਰ ਯੌਗਤਾ ਮਿਤੀ 01.01.2021 ਦੇ ਆਧਾਰ ਉਪਰ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਜਿਸ ਤਹਿਤ 16 ਨਵੰਬਰ, 2020 ਤੋਂ 15 ਦਸੰਬਰ, 2020 ਤੱਕ ਨਵੀਆਂ ਵੋਟਾਂ ਬਣਾਉਣ, ਵੋਟ ਕੱਟਣ, ਵੋਟਰ ਸ਼ਨਾਖਤੀ ਕਾਰਡ ਵਿਚ ਕਿਸੇ ਵੀ ਤਰ੍ਹਾਂ ਦੀ ਦਰੁੱਸਤੀ ਤੋ ਇਲਾਵਾ ਵਿਧਾਨ ਸਭਾ ਹਲਕੇ ਵਿਚ ਇਕ ਥਾਂ ਤੋ ਦੂਜੀ ਥਾਂ ਉਪਰ ਵੋਟ ਸਿਫ਼ਟ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਸ਼ਡਿਊਲ ਦੌੌਰਾਨ ਮਿਤੀ 21 ਨਵੰਬਰ, 2020 (ਸ਼ਨੀਵਾਰ), ਮਿਤੀ 22 ਨਵੰਬਰ, 2020 (ਐਤਵਾਰ) ਅਤੇ ਮਿਤੀ 05 ਦਸੰਬਰ, 2020 (ਸ਼ਨੀਵਾਰ), ਮਿਤੀ 06 ਦਸੰਬਰ, 2020 (ਐਤਵਾਰ) ਨੂੰ ਹਰ ਪੋਲਿੰਗ ਬੂਥ ਉਪਰ ਬੀ.ਐਲ.ਓਜ਼ ਵੱਲੋ ਵਿਸ਼ੇਸ਼ ਕੈਂਪ ਲਗਾ ਕੇ ਫਾਰਮ ਨੰਬਰ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6, ਵੋਟ ਕੱਟਣ ਲਈ ਫਾਰਮ ਨੰਬਰ 7, ਵੋਟਰ ਸ਼ਨਾਖਤੀ ਕਾਰਡ ਵਿਚ ਦਰੁਸਤੀ ਲਈ ਫਾਰਮ ਨੰਬਰ 8 ਅਤੇ ਵਿਧਾਨ ਸਭਾ ਹਲਕੇ ਵਿਚ ਇਕ ਥਾਂ ਤੋ ਦੂਜੀ ਥਾਂ ਤੇ ਵੋਟ ਸਿਫ਼ਟ ਕਰਨ ਲਈ ਫਾਰਮ ਨੰਬਰ 8ਏ ਪ੍ਰਾਪਤ ਕੀਤੇ ਜਾਣਗੇ। ਕੋਈ ਵੀ ਵਿਅਕਤੀ, ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ, ਜਿਸ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ, ਉਹ ਵਿਅਕਤੀ ਆਪਣੇ ਏਰੀਏ ਦੇ ਬੀ.ਐਲ.ਓ. ਜਾਂ ਸਬੰਧਤ ਚੋਣਕਾਰ ਰਜਿਸਟਰੇਸ਼ਨ ਦਫਤਰ ਵਿਚ ਜਾ ਕੇ ਨਵੀਂ ਵੋਟ ਬਣਾਉਣ ਲਈ ਦਰਖਾਸਤ ਦੇ ਸਕਦਾ ਹੈ।ਇਸ ਤੋਂ ਇਲਾਵਾ NVSP Portal or Voter helpline mobile application ਉਪਰ ਵੀ ਆਨਲਾਇਨ ਵੋਟ ਅਪਲਾਈ ਕਰ ਸਕਦਾ ਹੈ।ਇਹ ਬਹੁਤ ਹੀ ਆਸਾਨ ਢੰਗ ਹੈ।ਆਨਲਾਇਨ ਵੋਟ ਅਪਲਾਈ ਕਰਨ ਨਾਲ ਵੋਟਰ ਸ਼ਨਾਖਤੀ ਕਾਰਡ ਅਤੇ ਵੋਟਰ ਸੂਚੀ ਵਿਚ ਗਲਤੀ ਦੀ ਗੁੰਜਾਇਸ਼ ਬਿਲਕੁਲ ਨਾਂ—ਮਾਤਰ ਰਹਿ ਜਾਂਦੀ ਹੈ।ਚੋਣ ਕਮਿਸ਼ਨ ਵੱਲੋਂ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਕੋਸਿ਼ਸ਼ ਕੀਤੀ ਜਾਂਦੀ ਹੈ ਕਿ ਕੋਈ ਵੀ 18—19 ਸਾਲ ਦੀ ਉਮਰ ਦਾ ਕੋਈ ਵੀ ਯੋਗ ਨੌਜਵਾਨ ਬਤੌਰ ਵੋਟਰ ਰਜਿਸਟਰਡ ਹੋਣ ਤੋਂ ਵਾਂਝਾ ਨਾ ਰਹਿ ਜਾਵੇ।ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਬਤੌਰ ਵੋਟਰ ਰਜਿਸਟਰਡ ਕਰਨ ਲਈ ਚੋਣ ਕਮਿਸ਼ਨ ਵੱਲੋ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਪੰਜਾਬ ਰਾਜ ਵਿਚ ਯੋਗਤਾ ਮਿਤੀ 01.01.2021 ਦੇ ਆਧਾਰ ਤੇ 18 ਸਾਲ ਦੀ ਉਮਰ ਪੂਰੀ ਕਰ ਚੁੱਕਿਆ ਹਰ ਨੌਜਵਾਨ ਬਤੌਰ ਵੋਟਰ ਰਜਿਸਟਰ ਹੋ ਜਾਵੇ, ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਚੋਣ ਕਮਿਸ਼ਨ ਵੱਲੋ ਮਿਤੀ 16 ਨਵੰਬਰ, 2020 ਤੋਂ ਸ਼ੁਰੂ ਹੋਈ ਫੋਟੋ ਵੋਟਰ ਸੂਚੀਆਂ ਦੀ ਸਮਰੀ ਰਵੀਜ਼ਨ, ਜੋ 15 ਦਸੰਬਰ, 2020 ਤੱਕ ਚੱਲ ਰਹੀ ਹੈ, ਦੌੌਰਾਨ ਸਵੀਪ ਗਤੀਵਿਧੀਆਂ ਤਹਿਤ ਵੱਖ—ਵੱਖ ਸਕੂਲਾਂ/ਕਾਲਜਾਂ ਵਿਚ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਇਨ੍ਹਾਂ ਸਵੀਪ ਗਤੀਵਿਧੀਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਤੋ ਇਲਾਵਾ ਉਨ੍ਹਾਂ ਵੱਲੋ ਚੋਣ ਸਰਗਰਮੀਆਂ ਵਿਚ ਵੱਧ ਤੋ ਵੱਧ ਸ਼ਮੂਲੀਅਤ ਯਕੀਨੀ ਬਣਾਉਣਾ ਵੀ ਹੈ।ਇਨ੍ਹਾਂ ਸਵੀਪ ਗਤੀਵਿਧੀਆਂ ਤਹਿਤ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਹ ਆਪਣੀ ਵੋਟ ਐਨ.ਵੀ.ਐਸ.ਪੀ. ਪੋਰਟਲ ਉਪਰ ਖੁਦ ਅਪਲਾਈ ਕਰਨ।
ਸਵੀਪ ਗਤੀਵਿਧੀਆਂ ਤਹਿਤ ਪੰਜਾਬ ਰਾਜ ਦੇ ਸਮੂਹ ਕਾਲਜਾਂ ਵਿਚ ਨੋਡਲ ਅਫਸਰ ਅਤੇ ਕੈਂਪਸ ਅੰਬੈਸਡਰ ਨਿਯੁਕਤ ਕੀਤੇ ਗਏ ਹਨ ਜੋ ਆਪਣੇ—ਆਪਣੇ ਕਾਲਜ ਵਿਚ ਸਮੇਂ ਸਮੇਂ ਤੇ ਚੋਣਾਂ ਨਾਲ ਸਬੰਧਤ ਗਤੀਵਿਧੀਆਂ ਜਿਵੇਂ ਲੇਖ ਮੁਕਾਬਲੇ, ਡਰਾਇੰਗ ਮੁਕਾਬਲੇ, ਭਾਸ਼ਣ ਮੁਕਾਬਲੇ ਆਦਿ ਕਰਵਾਉਂਦੇ ਰਹਿੰਦੇ ਹਨ ਤਾਂ ਜੋ ਵੱਧ ਤੋਂ ਵੱਧ ਬੱਚਿਆਂ ਨੂੰ ਵੋਟ ਬਣਾਉਣ ਸਬੰਧੀ, ਵੋਟ ਪ੍ਰਕ੍ਰਿਆ ਵਿਚ ਸ਼ਾਮਲ ਹੋਣ ਆਦਿ ਬਾਰੇ ਜਾਗਰੂਕ ਕੀਤਾ ਜਾ ਸਕੇ।ਵੱਖ—ਵੱਖ ਕਾਲਜਾਂ ਵਿਚ ਨਿਯੁਕਤ ਕੈਂਪਸ ਅੰਬੈਸਡਰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਦਿਆਰਥੀਆਂ ਦੇ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 ਵੀ ਭਰਦੇ ਹਨ।
ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟ ਬਣਾਉਣ ਸਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਮੇਂ ਸਮੇਂ ਤੇ ਦੇਸ਼ ਭਰ ਵਿਚ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਂਦੇ ਹਨ।ਕਮਿਸ਼ਨ ਨੇ ਆਮ ਲੋਕਾਂ ਦੀ ਸਹੂਲਤ ਲਈ 25 ਜਨਵਰੀ, 2015 ਨੂੰ NVSP (NATIONAL VOTERS SERVICE PORTAL) ਪੋਰਟਲ ਸ਼ੁਰੂ ਕੀਤਾ ਸੀ।ਇਸ ਪੋਰਟਲ ਉਪਰ ਕੋਈ ਵੀ ਵਿਅਕਤੀ ਆਪਣੀ ਨਵੀਂ ਵੋਟ ਬਣਵਾਉਣ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟਰ ਸ਼ਨਾਖਤੀ ਕਾਰਡ ਵਿਚ ਕਿਸੇ ਤਰ੍ਹਾਂ ਦੀ ਦਰੁਸਤੀ ਲਈ ਫਾਰਮ ਨੰਬਰ 8 ਅਤੇ ਵਿਧਾਨ ਸਭਾ ਹਲਕੇ ਵਿਚ ਇਕ ਥਾਂ ਤੋਂ ਦੂਜੀ ਥਾਂ ਤੇ ਸਿਫ਼ਟ ਹੋਣ ਤੇ ਫਾਰਮ ਨੰਬਰ 8ਏ ਭਰ ਸਕਦਾ ਹੈ।ਇਸ ਤੋ ਇਲਾਵਾ ਆਪਣੀ ਵੋਟ, ਵਿਧਾਨ ਸਭਾ ਹਲਕੇ ਸਬੰਧੀ ਜਾਣਕਾਰੀ, ਏਰੀਏ ਦੀ ਬੀ.ਐਲ.ਓ. ਆਦਿ ਸਬੰਧੀ ਜਾਣਕਾਰੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।ਅਕਸਰ ਵੇਖਣ ਵਿਚ ਆਉਂਦਾ ਹੈ ਕਿ ਕਾਫੀ ਧਿਆਨ ਦੇਣ ਦੇ ਬਾਵਜੂਦ ਕਿਸੇ ਵੋਟਰ ਦਾ ਨਾਮ ਗਲਤ ਛੱਪ ਜਾਂਦਾ ਹੈ, ਕਿਸੇ ਦੀ ਜਨਮ ਮਿਤੀ ਜਾਂ ਕਿਸੇ ਦੀ ਫੋਟੋ।ਇਸ ਪੋਰਟਲ ਰਾਹੀਂ ਕੋਈ ਵੀ ਵਿਅਕਤੀ ਖ਼ੁਦ ਆਪਣੀ ਨਵੀਂ ਵੋਟ ਅਪਲਾਈ ਕਰ ਸਕਦਾ ਹੈ, ਕਟਵਾ ਸਕਦਾ ਹੈ ਜਾਂ ਦਰੁਸਤੀ ਕਰਵਾ ਸਕਦਾ ਹੈ।ਇਸ ਪੋਰਟਲ ਤੇ ਸਬੰਧਤ ਵਿਅਕਤੀ ਵੱਲੋ ਮੰਗੀ ਗਈ ਜਾਣਕਾਰੀ ਅਤੇ ਲੋੜੀਂਦੇ ਦਸਤਾਵੇਜ਼ ਅਟੈਚ ਕਰਨ ਤੋਂ ਬਾਅਦ ਇਕ ਰੈਫਰੈਂਸ ਨੰਬਰ ਜਨਰੇਟ ਹੁੰਦਾ ਹੈ ਜਿਸ ਨੂੰ ਸਾਂਭ ਕੇ ਰੱਖਣਾ ਹੁੰਦਾ ਹੈ।ਇਸ ਰੈਫਰੈਂਸ ਨੰਬਰ ਨਾਲ ਐਪਲੀਕੇਸ਼ਨ ਨੂੰ ਸਰਚ ਕੀਤਾ ਜਾ ਸਕਦਾ ਹੈ ਕਿ ਤੁਹਾਡਾ ਫਾਰਮ ਕਿਸ ਪੜਾਅ ਉਤੇ ਪੈਂਡਿੰਗ ਹੈ।ਇਹ ਬਹੁਤ ਹੀ ਆਸਾਨ ਢੰਗ ਹੈ।ਇਸ ਪੋਰਟਲ ਦੀ ਵਰਤੋ ਕਰਨ ਲਈ ਤੁਹਾਨੂੰ ਕਿਧਰੇ ਜਾਣ ਦੀ ਲੋੜ ਨਹੀਂ।ਤੁਸੀਂ ਘਰ ਬੈਠੇ ਆਪਣੇ ਮੋਬਾਇਲ ਉਪਰ ਵੀ ਆਪਣੀ ਵੋਟ ਅਪਲਾਈ ਕਰ ਸਕਦੇ ਹੋ।ਇਸ ਲਈ ਤੁਹਾਨੂੰ ਗੁਗਲ ਉਪਰ ਜਾ ਕੇ NVSP ਸਰਚ ਕਰਨਾ ਪੈਣਾ ਹੈ।ਸਰਚ ਕਰਨ ਤੋ ਬਾਅਦ ਸਭ ਤੋ ਪਹਿਲਾ ਲਿੰਕ NVSP Service Portal ਆਵੇਗਾ।ਜਦੋਂ ਇਸ ਲਿੰਕ ਨੂੰ ਕਲਿੱਕ ਕਰੋਗੇ ਤਾਂ ਸਕਰੀਨ ਉਪਰ ਖੱਬੇ ਹੱਥ Search Your Name in Electoral Roll ਦੀ ਆਪਸ਼ਨ ਆਵੇਗੀ।ਇਸ ਆਪਸ਼ਨ ਨੂੰ ਕਲਿੱਕ ਕਰਨ ਤੋ ਬਾਅਦ ਤੁਸੀਂ ਆਪਣੇ ਵੋਟਰ ਸ਼ਨਾਖਤੀ ਕਾਰਡ ਜਾਂ ਆਪਣੇ ਨਾਮ, ਪਤਾ ਆਦਿ ਭਰ ਕੇ ਆਪਣਾ ਨਾਮ ਸਬੰਧਤ ਬੂਥ ਦੀ ਵੋਟਰ ਸੂਚੀ ਵਿਚੋਂ ਲੱਭ ਸਕਦੇ ਹੋ।ਇਸ ਦੇ ਨਾਲ ਹੀ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 ਜਨਮ ਮਿਤੀ ਦਾ ਸਰਟੀਫਿਕੇਟ ਅਤੇ ਰਿਹਾਇਸ਼ ਦਾ ਪਰੂਫ ਹੋਣਾ ਲਾਜ਼ਮੀ ਹੈ।ਫ਼ਾਰਮ ਨੰਬਰ 6 ਸਿਰਫ਼ ਉਹੀ ਵਿਅਕਤੀ ਭਰ ਸਕਦਾ ਹੈ ਜੋ ਭਾਰਤ ਦਾ ਨਾਗਰਿਕ ਹੋਵੇ ਅਤੇ ਫ਼ੋਟੋ ਵੋਟਰ ਸੂਚੀ ਦੀ ਸੁਧਾਈ ਵਾਲੇ ਸਾਲ ਦੀ 1 ਜਨਵਰੀ ਨੂੰ ਉਸ ਦੀ ਉਮਰ 18 ਸਾਲ ਹੋ ਚੁੱਕੀ ਹੋਵੇ।ਇਸ ਤੋਂ ਇਲਾਵਾ ਬਿਨੈਕਾਰ ਉਸ ਵਿਧਾਨ ਸਭਾ ਹਲਕੇ ਦਾ ਨਾਗਰਿਕ ਹੋਵੇ ਜਿਥੇ ਉਹ ਆਪਣੀ ਵੋਟ ਬਣਵਾਉਣੀ ਚਾਹੁੰਦਾ ਹੈ।ਇਸੇ ਤਰ੍ਹਾਂ ਜੇਕਰ ਪ੍ਰਵਾਸੀ ਪੰਜਾਬੀ ਨੇ ਆਪਣੀ ਵੋਟ ਬਣਵਾਉਣੀ ਹੈ ਤਾਂ ਉਹ Apply online for registration of overseas voter ਲਿੰਕ ਤੇ ਕਲਿੱਕ ਕਰ ਕੇ ਆਪਣੇ ਆਪ ਨੂੰ ਬਤੌਰ ਐਨ.ਆਰ.ਆਈ. ਵੋਟਰ ਰਜਿਸਟਰਡ ਕਰਨ ਲਈ ਅਪਲਾਈ ਕਰ ਸਕਦਾ ਹੈ।ਜੇਕਰ ਕਿਸੇ ਵਿਅਕਤੀ ਨੇ ਆਪਣੀ ਵੋਟ ਕਟਵਾਉਣੀ ਹੈ ਤਾਂ ਉਹ Any objection on inclusion of names ਲਿੰਕ ਉਪਰ ਕਲਿੱਕ ਕਰਕੇ ਫਾਰਮ ਨੰਬਰ 7 ਭਰ ਸਕਦਾ ਹੈ।ਇਸੇ ਤਰ੍ਹਾਂ ਜੇਕਰ ਕਿਸੇ ਵੋਟਰ ਨੇ ਆਪਣੇ ਵੋਟਰ ਸ਼ਨਾਖਤੀ ਕਾਰਡ ਵਿਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਜਿਵੇਂ ਨਾਮ/ਜਨਮ ਮਿਤੀ ਆਦਿ ਦਰੁਸਤੀ ਕਰਵਾਉਣੀ ਹੈ ਤਾਂ ਉਹ Correction of entries in the Electoral Rolls ਤੇ ਕਲਿਕ ਕਰਕੇ ਫਾਰਮ ਨੰਬਰ 8 ਭਰ ਸਕਦਾ ਹੈ। ਚੋਣ ਕਮਿਸ਼ਨ ਵੱਲੋ ਸ਼ੁਰੂ ਕੀਤੇ ਗਏ NVSP Portal ਦਾ ਸਾਨੂੰ ਸੱਭ ਨੂੰ ਲਾਭ ਉਠਾਉਣਾ ਚਾਹੀਦਾ ਹੈ।ਜੇਕਰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ ਤਾਂ ਉਹ 05 ਜਨਵਰੀ, 2021 ਤੋਂ ਪਹਿਲਾਂ—ਪਹਿਲਾਂ NVSP ਤੇ ਆਪਣੀ ਵੋਟ ਬਣਾਉਣ ਲਈ ਫਾਰਮ ਨੰਬਰ 6 ਜ਼ਰੂਰ ਭਰੇ ਜਾਂ ਫਿਰ ਸਬੰਧਤ ਬੀ.ਐਲ.ਓ. ਜਾਂ ਚੋਣਕਾਰ ਰਜਿਸਟਰੇਸ਼ਨ ਅਫਸਰ ਦੇ ਦਫਤਰ ਵਿਚ ਜਾ ਕੇ ਫਾਰਮ ਜ਼ਰੂਰ ਭਰਨ।
ਭਾਰਤੀ ਚੋਣ ਕਮਿਸ਼ਨ ਨੇ ਸੂਚਨਾ ਤਕਨਾਲੋਜੀ ਦੇ ਇਸ ਦੌਰ ਦਾ ਹਾਮੀ ਬਣਦਿਆਂ ਵੋਟਰਾਂ ਦੀ ਸਹੂਲਤ ਲਈ ਇਕ ਮੋਬਾਇਲ ਐਪਲੀਕੇਸ਼ਨ ਵੀ ਲਾਂਚ ਕੀਤੀ ਹੈ ਜਿਸ ਦਾ ਨਾਮ ਹੈ ਵੋਟਰ ਹੈਲਪਲਾਇਨ। ਇਸ ਐਪਲੀਕੇਸ਼ਨ ਕਿਸੇ ਵੀ ਐਂਡਰਾਇਡ ਮੋਬਾਇਲ ਵਿਚ ਪਲੇਅ ਸਟੌਰ ਤੋ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਸ ਰਾਹੀਂ ਵੀ ਫਾਰਮ ਨੰਬਰ 6, 7, 8 ਜਾਂ 8ਏ ਅਪਲਾਈ ਕੀਤੇ ਜਾ ਸਕਦੇ ਹਨ।
ਸੋ ਆਓ, ਦੁਨੀਆਂ ਦੇ ਸੱਭ ਤੋ ਵੱਡੇ ਲੋਕਤੰਤਰ ਦਾ ਹਿੱਸਾ ਬਣੀਏ ਅਤੇ 18—19 ਸਾਲ ਉਮਰ ਵਰਗ ਦੇ ਨੌਜਵਾਨ, ਜਿਨ੍ਹਾਂ ਨੇ ਆਪਣੀ ਵੋਟ ਨਹੀਂ ਬਣਵਾਈ, ਉਹ ਆਪਣੀ ਵੋਟ ਬਣਾਉਣ ਲਈ ਫਾਰਮ ਨੰਬਰ 6 ਜ਼ਰੂਰ ਭਰਨ।