Wednesday, July 15, 2026

Editorial

ਆਰ ਐਸ ਐਸ ਦੀ ਧਰਮ ਸੰਸਦ : ਨਫ਼ਰਤ ਦੀ ਫ਼ਸਲ

PUNJAB NEWS EXPRESS | December 28, 2021 12:46 AM

- ਸਵਰਾਜਬੀਰ ਦੀ ਕਲਮ ਤੋਂ
ਹਰਿਦੁਆਰ ਵਿਚ 17 ਤੋਂ 19 ਦਸੰਬਰ ਤਕ ਹੋਏ ਸਮਾਗਮ, ਜਿਸ ਨੂੰ ਧਰਮ ਸੰਸਦ ਕਿਹਾ ਗਿਆ, ਤੋਂ ਦੋ ਦਿਨ ਪਹਿਲਾਂ ਪੱਤਰਕਾਰਾਂ ਅਤੇ ਟੀਵੀ ਚੈਨਲਾਂ ਨਾਲ ਗੱਲ ਕਰਦਿਆਂ ਜੂਨਾ ਅਖਾੜੇ ਦੇ ਮਹਾਮੰਡਲੇਸ਼ਵਰ ਸਵਾਮੀ ਯਤੀ ਨਰਸਿੰਹਾਨੰਦ ਗਿਰੀ, ਜੋ ਇਸ ਸੰਸਦ-ਸਮਾਗਮ ਦਾ ਮੁੱਖ ਸੰਚਾਲਕ ਸੀ, ਨੇ ਕਿਹਾ ਕਿ ਦੁਨੀਆ ਵਿਚ ਸਨਾਤਨ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਵਿਰੋਧ ਕਰਨ ਵਾਲਿਆਂ ਦੀ ਵਧਦੀ ਜਾ ਰਹੀ ਹੈ। ਸਨਾਤਨ ਧਰਮ ਦੇ ਅਰਥ ਹਨ ਪੁਰਾਤਨ ਸਮਿਆਂ ਤੋਂ ਚਲਿਆ ਆ ਰਿਹਾ ਹਿੰਦੂ ਧਰਮ। ਗਿਰੀ ਨੇ ਕਿਹਾ ਕਿ 2029 ਵਿਚ ਭਾਰਤ ਦਾ ਪ੍ਰਧਾਨ ਮੰਤਰੀ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਹੋਵੇਗਾ ਅਤੇ ਜੇ ਇਸ ਤਰ੍ਹਾਂ ਹੋ ਗਿਆ ਤਾਂ ਸਨਾਤਨ ਧਰਮ ਵਾਲਿਆਂ ਨੂੰ ਇਸਲਾਮ ਦੀ ਗ਼ੁਲਾਮੀ ਸਹਿਣੀ ਪਵੇਗੀ। ਗਿਰੀ ਅਨੁਸਾਰ ਇਹ ਧਰਮ ਸੰਸਦ ਲੋਕਾਂ ਨੂੰ ਇਸੇ ਖ਼ਤਰੇ ਬਾਰੇ ਜਾਗਰੂਕ ਕਰਨ ਲਈ ਬੁਲਾਈ ਜਾ ਰਹੀ ਹੈ ਅਤੇ ਇਸ ਦਾ ਕੋਈ ਹੋਰ ਉਦੇਸ਼ ਨਹੀਂ ਹੈ। ਉਸ ਨੇ ਦੱਸਿਆ, ‘‘ਧਰਮ ਸੰਸਦ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਤ, ਮਹਾਤਮਾ, ਧਰਮਨਗਰੀ (ਭਾਵ ਹਰਿਦਵਾਰ) ਪਹੁੰਚਣਗੇ।’’

ਇਹ ਸੰਤ, ਮਹਾਤਮਾ ਅਤੇ ਸਵਾਮੀ ਉੱਥੇ ਪਹੁੰਚੇ। ਸਮਾਗਮ ਵਿਚ ਭਾਸ਼ਣ ਦਿੰਦਿਆਂ ਅਖਿਲ ਭਾਰਤੀ ਹਿੰਦੂ ਮਹਾਸਭਾ ਦੀ ਸਕੱਤਰ ਪੂਜਾ ਸ਼ੁਕਨ ਪਾਂਡੇ ਉਰਫ਼ ਸਾਧਵੀ ਅੰਨਾਪੂਰਨਾ ਨੇ ਵਿਦਿਆਰਥੀਆਂ ਨੂੰ ਕਿਹਾ, ‘‘ਕਾਪੀ ਕਿਤਾਬ ਪਾਸੇ ਰੱਖ ਦਿਓ, ਹੱਥਾਂ ’ਚ ਹਥਿਆਰ ਲਓ।’’ ਨਰਸਿੰਹਾਨੰਦ ਨੇ ਸਾਧਵੀ ਦੇ ਬੋਲਾਂ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਮੁਸਲਮਾਨਾਂ ਨੂੰ ਮਾਰਨ ਲਈ ਤਲਵਾਰਾਂ ਕਾਫ਼ੀ ਨਹੀਂ ਹੋਣਗੀਆਂ ਕਿਉਂਕਿ ਉਨ੍ਹਾਂ ਕੋਲ ਵਧੀਆ ਤਕਨੀਕ ਵਾਲੇ ਹਥਿਆਰ ਹਨ ਅਤੇ ਆਰਥਿਕ ਤਾਕਤ ਵੀ ਮੁਸਲਮਾਨਾਂ ਕੋਲ ਜਾ ਰਹੀ ਹੈ। ਗਿਰੀ ਅਨੁਸਾਰ ‘‘ਜ਼ਿਆਦਾ ਤੋਂ ਜ਼ਿਆਦਾ ਬੱਚੇ ਅਤੇ ਵਧੀਆ ਹਥਿਆਰ ਹੀ ਤੁਹਾਨੂੰ (ਭਾਵ ਹਿੰਦੂਆਂ ਨੂੰ) ਬਚਾਉਣ ਵਾਲੇ ਹਨ।’’ ਗਿਰੀ ਨੇ ਇਹ ਵੀ ਕਿਹਾ, ‘‘ਹਰ ਹਿੰਦੂ ਦਾ ਟੀਚਾ ਕੇਵਲ ਸਨਾਤਨ ਵੈਦਿਕ ਰਾਸ਼ਟਰ ਹੋਣਾ ਚਾਹੀਦਾ ਹੈ, ਅੱਜ ਇਸਾਈਆਂ ਦੇ ਲਗਭਗ 100 ਦੇਸ਼ ਹਨ, ਮੁਸਲਮਾਨਾਂ ਦੇ 57, ਬੋਧ ਧਰਮੀਆਂ ਦੇ 8, ਇੱਥੋਂ ਤਕ ਕਿ ਸਿਰਫ਼ 90 ਲੱਖ ਯਹੂਦੀਆਂ ਦਾ ਇਕ ਆਪਣਾ ਦੇਸ਼ ਇਸਰਾਈਲ ਹੈ। ਸੌ ਕਰੋੜ ਹਿੰਦੂਆਂ ਦੀ ਬਦਨਸੀਬੀ ਹੈ ਕਿ ਉਨ੍ਹਾਂ ਕੋਲ ਆਪਣਾ ਦੇਸ਼ ਕਹਿਣ ਲਈ ਇਕ ਇੰਚ ਜਗ੍ਹਾ ਨਹੀਂ ਹੈ।’’ ਪਟਨਾ ਦੇ ਇਕ ਸਵਾਮੀ ਧਰਮ ਦਾਸ ਮਹਾਰਾਜ ਨੇ ਇਕ ਘਟਨਾ ਬਿਆਨ ਕਰਦਿਆਂ ਦੱਸਿਆ ਕਿ ਇਕ ਮੌਕੇ ਉਸ ਨੂੰ ਤਤਕਾਲੀਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ’ਤੇ ਏਨਾ ਗੁੱਸਾ ਆਇਆ ਕਿ ਉਹ ਹੱਥ ਵਿਚ ਰਿਵਾਲਵਰ ਲੈ ਕੇ ਨੱਥੂ ਰਾਮ ਗੋਡਸੇ ਬਣ ਜਾਣਾ ਚਾਹੁੰਦਾ ਸੀ। ਇਸ ਸਮਾਗਮ ਵਿਚ ਜਤਿੰਦਰ ਨਾਥ ਸਵਾਮੀ ਨਾਂ ਦੇ ਵਿਅਕਤੀ ਨੇ ਵੀ ਜ਼ਹਿਰੀਲਾ ਭਾਸ਼ਣ ਦਿੱਤਾ।

ਇਹ ਹਨ ਉਹ ਲੋਕ ਜਿਨ੍ਹਾਂ ਨੂੰ ਸਾਡੇ ਸਵਾਮੀ, ਧਰਮ-ਗੁਰੂ ਅਤੇ ਰਹਿਬਰ ਕਿਹਾ ਜਾਂਦਾ ਹੈ, ਜੋ ਧਰਮ ਦੇ ਨਾਂ ’ਤੇ ਲੋਕਾਂ ਦੇ ਮਨਾਂ ਵਿਚ ਨਫ਼ਰਤ ਦੇ ਬੀਜ ਬੋਅ ਰਹੇ ਹਨ, ਜੋ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਮਨਾਂ ਵਿਚ ਜ਼ਹਿਰ ਭਰ ਰਹੇ ਹਨ, ਉਨ੍ਹਾਂ ਸਾਹਮਣੇ ਨੱਥੂ ਰਾਮ ਗੋਡਸੇ ਬਣਨ ਦਾ ਆਦਰਸ਼ ਰੱਖ ਰਹੇ ਹਨ; ਹੈਰਾਨੀ ਦੀ ਗੱਲ ਹੈ ਕਿ ਇਹ ਲੋਕ ਆਪਣੇ ਆਪ ਨੂੰ ਸੰਤ ਕਹਾਉਂਦੇ ਹਨ।

ਇਸ ਸਬੰਧ ਵਿਚ ਮੀਡੀਆ ਦੀ ਭੂਮਿਕਾ ਮਹੱਤਵਪੂਰਨ ਹੈ। 13 ਭਾਸ਼ਾਵਾਂ ਵਿਚ ਚੱਲਣ ਵਾਲੇ ਇਕ ਟੀਵੀ ਚੈਨਲ ਦੀ ਸਾਈਟ ’ਤੇ ਇਸ ਸਮਾਗਮ ਦੇ ਖ਼ਤਮ ਹੋਣ ’ਤੇ ਇਹ ਲਿਖਿਆ ਗਿਆ, ‘‘ਭੂਪਤਵਾਲਾ ਸਥਿਤ ਵੇਦ ਨਿਕੇਤਨ ਧਾਮ ਵਿਚ ਬ੍ਰਹਮਲੀਨ (ਭਾਵ ਜਿਨ੍ਹਾਂ ਦਾ ਦੇਹਾਂਤ ਹੋ ਚੁੱਕਾ ਹੈ) ਬ੍ਰਹਮਾਨੰਦ ਸਰਸਵਤੀ ਅਤੇ ਸਵਰਗੀ ਬੈਕੁੰਠ ਲਾਲ ਸ਼ਰਮਾ ‘ਪ੍ਰੇਮ ਸਿੰਘ ਸ਼ੇਰ’ ਦੀ ਯਾਦ ਵਿਚ ਚੱਲ ਰਿਹਾ ਤਿੰਨ ਦਿਨਾਂ ਧਰਮ ਸੰਸਦ ਸਨਾਤਨ ਵੈਦਿਕ ਰਾਸ਼ਟਰ ਦੇ ਸੰਕਲਪ ਨਾਲ ਪੂਰਾ ਹੋਇਆ।’’ ਇਸ ਤਰ੍ਹਾਂ ਮੀਡੀਆ ਦੇ ਇਕ ਹਿੱਸੇ ਵਿਚ ਸਾਰੀ ਕਾਰਵਾਈ ਨੂੰ ਸਨਾਤਨ ਵੈਦਿਕ ਧਰਮ ਨਾਲ ਜੋੜਿਆ ਅਤੇ ਇਸ ਦਾ ਮਹਿਮਾ-ਗਾਇਣ ਕੀਤਾ ਗਿਆ।

ਮੀਡੀਆ ਦੇ ਇਕ ਹੋਰ ਹਿੱਸੇ ਨੇ ਨਫ਼ਰਤ ਤੇ ਧਾਰਮਿਕ ਕੱਟੜਤਾ ਫੈਲਾਉਣ ਅਤੇ ਸਮਾਜ ਦੇ ਇਕ ਵਰਗ ਵਿਰੁੱਧ ਹਿੰਸਾ ਭੜਕਾਉਣ ਵਾਲੇ ਇਨ੍ਹਾਂ ਭਾਸ਼ਣਾਂ ਬਾਰੇ ਚਿੰਤਾ ਜ਼ਾਹਿਰ ਕੀਤੀ। ਤ੍ਰਿਣਮੂਲ ਕਾਂਗਰਸ ਦੇ ਸਾਕੇਤ ਗੋਖਲੇ ਦੀ ਸ਼ਿਕਾਇਤ ’ਤੇ ਇਕ ਮੁਕੱਦਮਾ ਦਰਜ ਕੀਤਾ ਗਿਆ ਹੈ ਪਰ ਨਰਸਿੰਹਾਨੰਦ ਗਿਰੀ ਨੇ ਕਿਹਾ ਕਿ ਉਸ ਨੂੰ ਆਪਣੇ ਦਿੱਤੇ ਭਾਸ਼ਣਾਂ ’ਤੇ ਕੋਈ ਅਫ਼ਸੋਸ ਨਹੀਂ ਅਤੇ ਉਨ੍ਹਾਂ ’ਤੇ ਕਾਇਮ ਹੈ।

ਨਫ਼ਰਤ ਭਰੇ ਇਨ੍ਹਾਂ ਭਾਸ਼ਣਾਂ ਨੂੰ ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਧਰਮ ਦੀ ਰੱਖਿਆ ਦੇ ਨਾਂ ਹੇਠ ਦਿਖਾਇਆ ਜਾ ਰਿਹਾ ਹੈ; ਨਫ਼ਰਤ ਦਾ ਪ੍ਰਚਾਰ ਹੋ ਰਿਹਾ ਹੈ; ਪਰ ਸ਼ਾਇਦ ਇਸ ਨੂੰ ‘ਨਫ਼ਰਤ ਦਾ ਪ੍ਰਚਾਰ ਹੋਣਾ ਜਾਂ ਕੀਤੇ ਜਾਣਾ’ ਕਹਿਣਾ ਗ਼ਲਤ ਹੈ, ਇਹ ਪ੍ਰਚਾਰ ਕਰਾਇਆ ਜਾ ਰਿਹਾ ਹੈ; ਚੋਣਾਂ ਦੀਆਂ ਤਿਆਰੀਆਂ ਹੋ ਰਹੀਆਂ ਹਨ।

ਜੇ ਵਿਰੋਧੀ ਪਾਰਟੀ ਦਾ ਕੋਈ ਆਗੂ ਜਾਂ ਕਿਸੇ ਹੋਰ ਭਾਈਚਾਰੇ ਨਾਲ ਸਬੰਧਿਤ ਸ਼ਖ਼ਸ ਅਜਿਹੇ ਬਿਆਨ ਦਿੰਦਾ ਤਾਂ ਹੁਣ ਤਕ ਸਖ਼ਤ ਕਾਨੂੰਨਾਂ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਜੇਲ੍ਹ ਵਿਚ ਸੁੱਟਿਆ ਗਿਆ ਹੋਣਾ ਸੀ ਪਰ ਇਨ੍ਹਾਂ ‘ਸੰਤਾਂ’ ਅਤੇ ‘ਸਵਾਮੀਆਂ’ ਦਾ ਗੁਣ-ਗਾਣ ਹੋ ਰਿਹਾ ਹੈ; ਇਹ ਸ਼ਾਇਦ ਰਾਸ਼ਟਰ ਨਿਰਮਾਣ ਦਾ ਨਵਾਂ ਸਫ਼ਰ ਹੈ। ਨਵੀਂ ਤਰ੍ਹਾਂ ਦੇ ਰਾਸ਼ਟਰ ਨਿਰਮਾਣ ਦੇ ਇਹ ਰਾਹੀ ਚੋਣਾਂ ਤਾਂ ਜਿੱਤ ਜਾਣਗੇ ਪਰ ਨੌਜਵਾਨ ਨਸਲ ਨੂੰ ਘਿਰਣਾ, ਈਰਖਾ, ਸ੍ਵੈ-ਤਰਸ, ਗੁੱਸੇ, ਗਿਲਾਨੀ ਅਤੇ ਸਮਾਜ ਦੇ ਦੂਸਰੇ ਵਰਗਾਂ ਨਾਲ ਵੈਰ-ਵਿਰੋਧ ਦੇ ਅਜਿਹੇ ਮਾਨਸਿਕ ਸੰਸਾਰ ਦੇ ਹਵਾਲੇ ਕਰ ਦੇਣਗੇ ਜਿਸ ਵਿਚ ਉਨ੍ਹਾਂ ਦਾ ਜੀਵਨ ਆਪਣੇ ਆਪ ਨੂੰ ਪੀੜਤ ਸਮਝਣ ਅਤੇ ਆਪਣੇ ਹਮਸਾਇਆਂ ਨੂੰ ਨਫ਼ਰਤ ਕਰਨ ਵਿਚ ਬੀਤੇਗਾ; ਆਪਣੇ ਆਪ ਨੂੰ ਸੰਤ ਕਹਿਣ ਵਾਲੇ ਇਹ ਵਿਅਕਤੀ ਨੌਜਵਾਨਾਂ ਨੂੰ ਅਮਨੁੱਖਤਾ ਦੀ ਰਾਹ ਵੱਲ ਲਿਜਾ ਰਹੇ ਹਨ; ਇਨ੍ਹਾਂ ਨੂੰ ਇਨਸਾਨ ਕਹਿਣਾ ਇਨਸਾਨ ਸ਼ਬਦ ਦਾ ਨਿਰਾਦਰ ਹੈ।

ਅਜਿਹੇ ਵਿਅਕਤੀਆਂ ਦੀ ਸੋਚ ਦਾ ਵਿਰੋਧ ਕਰਨ ਦੇ ਨਾਲ ਨਾਲ ਇਹ ਸਮਝਣ ਦੀ ਜ਼ਰੂਰਤ ਹੈ ਕਿ ਉਹ ਨਫ਼ਰਤ ਦੀ ਇਮਾਰਤ ਕਿਹੜੀਆਂ ਬੁਨਿਆਦਾਂ ’ਤੇ ਖੜ੍ਹੀ ਕਰ ਰਹੇ ਹਨ। ਇਨ੍ਹਾਂ ਦੀ ਸੋਚ ਦੀ ਅਹਿਮ ਚੂਲ ਆਪਣੇ ਧਰਮ ਨੂੰ ਸਰਵ-ਸ੍ਰੇਸ਼ਠ ਸਮਝਣ ਦੇ ਨਾਲ ਨਾਲ ਮੱਧਕਾਲੀਨ ਸਮਿਆਂ ਵਿਚ ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਵਿਚ ਇਸਲਾਮ ਦੀ ਆਮਦ ਨੂੰ ਅਪਾਰ ਘਿਰਣਾ ਨਾਲ ਦੇਖਣਾ ਹੈ। ਦਿੱਲੀ ਦੀ ਸਲਤਨਤ ਨੂੰ ਗ਼ੁਲਾਮੀ ਦੇ ਚਿੰਨ੍ਹ ਵਜੋਂ ਦੇਖਦਿਆਂ ਇਹ ਵਿਸਾਰ ਦਿੱਤਾ ਜਾਂਦਾ ਹੈ ਕਿ ਬਹੁਤ ਵੱਡੇ ਸਮੇਂ ਤਕ ਇਹ ਸਲਤਨਤ ਦੇਸ਼ ਦੇ ਉੱਤਰੀ ਭਾਗ ਤਕ ਸੀਮਤ ਸੀ ਅਤੇ ਦੇਸ਼ ਦੇ ਦੱਖਣੀ, ਪੱਛਮੀ ਅਤੇ ਉੱਤਰ-ਪੂਰਬੀ ਹਿੱਸਿਆਂ ਵਿਚ ਹਿੰਦੂ ਅਤੇ ਕਬਾਇਲੀ ਭਾਈਚਾਰਿਆਂ ਨਾਲ ਸਬੰਧ ਰੱਖਣ ਵਾਲੇ ਸਮਰਾਟ ਅਤੇ ਰਾਜੇ-ਮਹਾਰਾਜੇ ਰਾਜ ਕਰਦੇ ਸਨ। ਮੁਗ਼ਲ ਸਲਤਨਤ ਆਪਣੇ ਅੰਤਲੇ ਸਮਿਆਂ ਵਿਚ ਮਰਹੱਟਾ-ਤਾਕਤ ਦੇ ਰਹਿਮੋ-ਕਰਮ ’ਤੇ ਸੀ। ਇਤਿਹਾਸ ਦੀ ਜਟਿਲਤਾ ਨੂੰ ਅੱਖੋਂ-ਪਰੋਖੇ ਕਰ ਕੇ ਇਕ ਅਜਿਹਾ ਬਿਰਤਾਂਤ ਸਿਰਜਿਆ ਜਾਂਦਾ ਹੈ ਜਿਸ ਵਿਚ ਹਿੰਦੂ ਭਾਈਚਾਰਾ ਪੀੜਤ ਅਤੇ ਇਸਲਾਮ ਜਬਰ ਕਰਨ ਵਾਲੀ ਤਾਕਤ ਵਜੋਂ ਸਾਹਮਣੇ ਆਉਂਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਕਈ ਸੁਲਤਾਨ ਅਤੇ ਬਾਦਸ਼ਾਹ ਧਾਰਮਿਕ ਕੱਟੜਤਾ ਦਾ ਸ਼ਿਕਾਰ ਸਨ ਅਤੇ ਉਨ੍ਹਾਂ ਨੇ ਲੋਕਾਂ ’ਤੇ ਜ਼ੁਲਮ ਕੀਤੇ ਪਰ ਬੀਤੇ ਦਾ ਬਦਲਾਲਊ ਹਿਸਾਬ-ਕਿਤਾਬ ਵਰਤਮਾਨ ਵਿਚ ਕਰਨਾ ਭਵਿੱਖ ਲਈ ਆਤਮਘਾਤੀ ਹੈ।

ਪੁਰਾਤਨ ਸਮਿਆਂ ਦੀ ਸ਼ਾਨ ਦਾ ਸ਼ੋਭਾ-ਗਾਇਣ ਕੁਝ ਹੱਦ ਤਕ ਤਾਂ ਸਹੀ ਅਤੇ ਆਪਣੇ ਵਿਰਸੇ ਨੂੰ ਸਵੀਕਾਰ ਕਰਨਾ ਹੈ ਪਰ ਉਸ ਨੂੰ ਸੰਪੂਰਨ (absolute) ਅਤੇ ਪਾਰਗਾਮੀ ਮੰਨ ਲੈਣਾ ਵੱਡੇ ਖ਼ਤਰੇ ਪੈਦਾ ਕਰਦਾ ਹੈ। ਇਹ ਸੰਤ-ਸਵਾਮੀ ਹਿੰਦੂ ਧਰਮ ਦੇ ਗਿਆਨ-ਖੇਤਰ ਵਿਚ ਹੋਏ ਵੱਡੇ ਵਿਕਾਸ, ਜਿਸ ਦੇ ਪ੍ਰਤੀਨਿਧ ਸੰਤ ਬਸਵੇਸ਼ਰ (ਬਸਵੰਨਾ), ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ ਅਤੇ ਭਗਤੀ ਲਹਿਰ ਦੇ ਹੋਰ ਸੰਤ ਹਨ, ਨੂੰ ਵਿਸਾਰਨ ਦਾ ਸਚੇਤ ਯਤਨ ਕਰਦੇ ਹਨ; ਸੰਤਾਂ ਨੂੰ ਜਾਤ-ਪਾਤ ਦੀਆਂ ਸ਼੍ਰੇਣੀਆਂ ਵਿਚ ਵੰਡਣ ਦੀ ਕੋਸ਼ਿਸ਼ ਕਰਦੇ ਅਤੇ ਬਹੁਤ ਵਾਰ ਇਸ ਕੋਸ਼ਿਸ਼ ਵਿਚ ਸਫ਼ਲ ਹੁੰਦੇ ਹਨ।

ਮੱਧਕਾਲੀਨ ਸਮਿਆਂ ਦੇ ਚਿੰਤਕਾਂ ਦੀ ਸੋਚ ਨੂੰ ਇਤਿਹਾਸ ’ਚੋਂ ਮਨਫ਼ੀ ਕਰਨ ਜਾਂ ਉਸ ਦੇ ਮਹੱਤਵ ਨੂੰ ਘਟਾਉਣ ਦੀ ਕੋਸ਼ਿਸ਼ ਇਕ ਸੋਚਿਆ ਸਮਝਿਆ ਯਤਨ/ਪ੍ਰਾਜੈਕਟ ਹੈ। ਤਰ੍ਹਾਂ ਤਰ੍ਹਾਂ ਦੇ ‘ਰਾਸ਼ਟਰਾਂ’ ਦੀ ਖੋਜ ਹੋ ਰਹੀ ਹੈ ਪਰ ਭਗਤ ਰਵਿਦਾਸ ਦੇ ਬੇਗਮਪੁਰੇ ਦੇ ਸੰਕਲਪ ਨੂੰ ਵਿਸਾਰਿਆ ਜਾ ਰਿਹਾ ਹੈ। ਕੁਝ ਪ੍ਰਮੁੱਖ ਸਵਾਲ ਇਹ ਹਨ : ਭਗਤੀ ਲਹਿਰ ਦੇ ਸੰਤਾਂ, ਜਯੋਤਿਬਾ ਫੂਲੇ, ਰਾਬਿੰਦਰ ਨਾਥ ਟੈਗੋਰ, ਡਾ. ਬੀਆਰ ਅੰਬੇਦਕਰ ਅਤੇ ਅਜਿਹੇ ਹੋਰ ਚਿੰਤਕਾਂ ਦੇ ਧਰਮ ਬਾਰੇ ਵਿਚਾਰਾਂ ਨੂੰ ਧਰਮ ਬਾਰੇ ਚਿੰਤਨ ਵਿਚੋਂ ਕਿਉਂ ਖਾਰਜ ਕੀਤਾ ਜਾਂਦਾ ਹੈ? ਅਸੀਂ ਇਨ੍ਹਾਂ ਸ਼ਖ਼ਸੀਅਤਾਂ ਦੇ ਜਨਮ ਦਿਨ ਮਨਾ ਕੇ ਹੀ ਮਨ ਕਿਉਂ ਪਰਚਾ ਲੈਂਦੇ ਹਾਂ? ‘‘ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ।।’’ ਜਿਹੇ ਸਾਂਝੀਵਾਲਤਾ ਦੇ ਬੋਲ ਬੋਲਣ ਵਾਲੇ ਭਗਤ ਕਬੀਰ ਜਿਹੇ ਪ੍ਰਾਕਰਮੀ ਚਿੰਤਕਾਂ ਦੀ ਸੋਚ ਨੂੰ ਰਾਸ਼ਟਰ ਨਿਰਮਾਣ ਦੇ ਪ੍ਰਵਚਨ ’ਚੋਂ ਮਨਫ਼ੀ ਕਿਉਂ ਕੀਤਾ ਜਾਂਦਾ ਹੈ?

ਹਰਿਦੁਆਰ ਵਿਚ ਹੋਈ ਧਰਮ ਸੰਸਦ ਦੇ ਸੰਦਰਭ ਵਿਚ ਦਲੀਲ ਦਿੱਤੀ ਜਾਵੇਗੀ ਕਿ ਕੁਝ ਗਿਣਤੀ ਦੇ ਵਿਅਕਤੀ ਹੀ ਅਜਿਹੇ ਸੌੜੇ, ਸੀਮਤ ਅਤੇ ਫ਼ਿਰਕੂ ਵਿਚਾਰਾਂ ਦਾ ਪ੍ਰਚਾਰ ਕਰ ਰਹੇ ਹਨ; ਇਹ ਲੋਕ ਸੱਜੇ-ਪੱਖ ਦੇ ਹਾਸ਼ੀਏ ’ਤੇ ਬੈਠੇ ਲੋਕ ਹਨ। ਸਮੱਸਿਆ ਇਹ ਹੈ ਕਿ ਅਜਿਹੇ ਹਾਸ਼ੀਆਗਤ ਵਿਚਾਰਾਂ ਨੂੰ ਮੁੱਖ ਧਾਰਾ ਵਿਚ ਸਨਮਾਨ ਮਿਲਦਾ ਅਤੇ ਅਸਲੀ ਸੱਚ ਦੱਸਿਆ ਜਾਂਦਾ ਹੈ। ਅਜਿਹੀ ਸੋਚ ਮੁੱਖ ਧਾਰਾ ਅਤੇ ਸਿਆਸਤ ਨੂੰ ਪ੍ਰਭਾਵਿਤ ਕਰਦੀ ਹੈ। ਅਜਿਹੀ ਸੋਚ ਵਾਲੇ ਸਵਾਮੀਆਂ ਅਤੇ ਸੰਤਾਂ ਨੂੰ ਸੱਤਾਧਾਰੀਆਂ ਦੀ ਸਰਪ੍ਰਸਤੀ ਹਾਸਲ ਹੈ; ਉਹ ਸ਼ਕਤੀਸ਼ਾਲੀ ਹੋ ਰਹੇ ਹਨ। ਇਨ੍ਹਾਂ ਦਾ ਵਿਰੋਧ ਕਰਨ ਵਾਲੀਆਂ ਜਮਹੂਰੀ ਤਾਕਤਾਂ ਖੇਮਿਆਂ ਵਿਚ ਵੰਡੀਆਂ ਅਤੇ ਬੌਧਿਕ ਆਲਸ ਦਾ ਸ਼ਿਕਾਰ ਹਨ।

ਜਮਹੂਰੀ ਤਾਕਤਾਂ ਨੂੰ ਇਕਜੁੱਟ ਹੋ ਕੇ ਇਨ੍ਹਾਂ ਫ਼ਿਰਕੂ ਤਾਕਤਾਂ ਨਾਲ ਟੱਕਰ ਲੈਣੀ ਚਾਹੀਦੀ ਹੈ। ਇਹ ਟੱਕਰ ਵਿਆਪਕ ਲੋਕ-ਏਕੇ ’ਤੇ ਉਸਰਨ ਵਾਲੇ ਜਨ-ਅੰਦੋਲਨਾਂ ਰਾਹੀਂ ਹੀ ਸੰਭਵ ਹੈ। ਦਾਨਿਸ਼ਵਰਾਂ, ਚਿੰਤਕਾਂ, ਸਮਾਜਿਕ ਕਾਰਕੁਨਾਂ, ਵਿਦਿਆਰਥੀਆਂ, ਨੌਜਵਾਨਾਂ, ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਮਿਹਨਤਕਸ਼ ਲੋਕਾਂ ਨੂੰ ਵਿਸ਼ਾਲ ਜਮਹੂਰੀ ਮੁਹਾਜ਼ ਉਸਾਰ ਕੇ ਇਨ੍ਹਾਂ ਵੰਡਪਾਊ ਸ਼ਕਤੀਆਂ ਵਿਰੁੱਧ ਲੜਾਈ ਤਿੱਖੀ ਕਰਨੀ ਚਾਹੀਦੀ ਹੈ।

-ਧੰਨਵਾਦ ਸਹਿਤ

Have something to say? Post your comment