ਨਵੀਂ ਦਿੱਲੀ: ਅਫਗਾਨਿਸਤਾਨ ਦੀ ਏਰੀਆਨਾ ਅਫਗਾਨ ਏਅਰਲਾਈਨਜ਼ ਨੇ ਯੂਏਈ ਦੀ ਏਅਰ ਚਾਰਟਰ ਐਕਸਪ੍ਰੈੱਸ ਨਾਲ ਸਾਂਝੇਦਾਰੀ ਤਹਿਤ ਕਾਬੁਲ-ਦਿੱਲੀ ਵਿਚਾਲੇ ਏਅਰ ਕਾਰਗੋ ਸੇਵਾ ਸ਼ੁਰੂ ਕੀਤੀ ਹੈ। ਇੱਕ ਸਾਲ ਦੇ ਸਮਝੌਤੇ ਤਹਿਤ ਚੱਲਣ ਵਾਲੀ ਇਸ ਸੇਵਾ ਨੂੰ ਭਾਰਤ-ਅਫਗਾਨਿਸਤਾਨ ਵਪਾਰ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਇਸ ਰਾਹੀਂ ਦਵਾਈਆਂ, ਜ਼ਰੂਰੀ ਵਸਤਾਂ, ਸੁੱਕੇ ਮੇਵੇ ਅਤੇ ਕੇਸਰ ਸਮੇਤ ਹੋਰ ਸਮਾਨ ਤੇਜ਼ੀ ਨਾਲ ਭਾਰਤ ਪਹੁੰਚਾਇਆ ਜਾ ਸਕੇਗਾ। ਅਫਗਾਨ ਵਪਾਰੀਆਂ ਨੂੰ ਭਾਰਤੀ ਬਾਜ਼ਾਰ ਤੱਕ ਸਮਾਨ ਪਹੁੰਚਾਉਣ ਲਈ ਹਵਾਈ ਆਵਾਜਾਈ ਦਾ ਇੱਕ ਨਵਾਂ ਵਿਕਲਪ ਮਿਲੇਗਾ।
ਏਅਰਲਾਈਨ ਦੇ ਮੁਖੀ ਬਖ਼ਤ-ਉਰ-ਰਹਿਮਾਨ ਸ਼ਰਾਫਤ ਨੇ ਕਿਹਾ ਕਿ ਇਹ ਸੇਵਾ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਤੇਜ਼, ਸੁਰੱਖਿਅਤ ਅਤੇ ਘੱਟ ਲਾਗਤ ਵਾਲੀ ਆਵਾਜਾਈ ਮੁਹੱਈਆ ਕਰਵਾਉਣ ਵਿੱਚ ਮਦਦ ਕਰੇਗੀ।
ਅਫਗਾਨਿਸਤਾਨ ਲੰਬੇ ਸਮੇਂ ਤੋਂ ਵਿਦੇਸ਼ੀ ਵਪਾਰ ਲਈ ਪਾਕਿਸਤਾਨੀ ਜ਼ਮੀਨੀ ਰਸਤਿਆਂ ’ਤੇ ਨਿਰਭਰ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਰਨ ਸਰਹੱਦੀ ਆਵਾਜਾਈ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਹਵਾਈ ਕਾਰਗੋ ਸੇਵਾ ਨੂੰ ਵਪਾਰ ਲਈ ਇੱਕ ਵਿਕਲਪ ਵਜੋਂ ਦੇਖਿਆ ਜਾ ਰਿਹਾ ਹੈ।