ਨਵੀਂ ਦਿੱਲੀ, 6 ਸਤੰਬਰ: ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਵਿੱਚ ਐਤਵਾਰ ਦੁਪਹਿਰ ਇੱਕ ਪੰਜ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਇਮਾਰਤ ਵਿੱਚ PG ਚੱਲ ਰਿਹਾ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਕਈ ਵਿਦਿਆਰਥੀ ਆਪਣੇ ਕਮਰਿਆਂ ਵਿੱਚ ਮੌਜੂਦ ਸਨ। ਹਾਦਸਾ ਦੁਪਹਿਰ ਕਰੀਬ 1:30 ਵਜੇ ਵਾਪਰਿਆ। ਹੁਣ ਤੱਕ 5 ਲੋਕਾਂ ਨੂੰ ਮਲਬੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ, ਜਦਕਿ ਮਲਬੇ ਹੇਠਾਂ ਹੋਰ ਕਿੰਨੇ ਲੋਕ ਫਸੇ ਹੋਏ ਹਨ, ਇਸ ਬਾਰੇ ਅਜੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ।
ਸਥਾਨਕ ਲੋਕ ਵੀ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ ਅਤੇ ਹਥੌੜਿਆਂ ਦੀ ਮਦਦ ਨਾਲ ਮਲਬਾ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਵਾਹਨ ਵੀ ਮਲਬੇ ਹੇਠਾਂ ਦੱਬੇ ਹੋਣ ਦੀ ਜਾਣਕਾਰੀ ਹੈ। ਰਿਪੋਰਟਾਂ ਮੁਤਾਬਕ ਡਿੱਗੀ ਇਮਾਰਤ ਦੇ ਨਾਲ ਲੱਗਦੀ ਇੱਕ ਹੋਰ ਇਮਾਰਤ ਵੀ ਖ਼ਤਰਨਾਕ ਹਾਲਤ ਵਿੱਚ ਹੈ। ਸਾਵਧਾਨੀ ਵਜੋਂ ਉੱਥੇ ਰਹਿੰਦੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।
ਸੱਤਿਆ ਨਿਕੇਤਨ ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਨੇੜੇ ਸਥਿਤ ਪ੍ਰਮੁੱਖ ਵਿਦਿਆਰਥੀ ਇਲਾਕਾ ਹੈ। ਇੱਥੇ ਵੱਡੀ ਗਿਣਤੀ ਵਿੱਚ ਵਿਦਿਆਰਥੀ PG ਅਤੇ ਹੋਸਟਲਾਂ ਵਿੱਚ ਰਹਿੰਦੇ ਹਨ। ਇਲਾਕੇ ਦੇ ਨੇੜੇ ਵੈਂਕਟੇਸ਼ਵਰ ਕਾਲਜ, ਆਰੀਆਭੱਟ ਕਾਲਜ, ਮੋਤੀਲਾਲ ਨਹਿਰੂ ਕਾਲਜ ਅਤੇ ਮੈਤ੍ਰੇਈ ਕਾਲਜ ਸਮੇਤ ਕਈ ਵਿੱਦਿਅਕ ਸੰਸਥਾਵਾਂ ਹਨ। ਫਿਲਹਾਲ ਰੈਸਕਿਊ ਟੀਮਾਂ ਵੱਲੋਂ ਮਲਬੇ ਵਿੱਚ ਫਸੇ ਲੋਕਾਂ ਦੀ ਭਾਲ ਅਤੇ ਬਚਾਅ ਕਾਰਜ ਜਾਰੀ ਹੈ।