ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਕਾਂਗਰਸੀ ਆਗੂਆਂ ਅਤੇ ਵਰਕਰਾਂ ’ਤੇ ਚੰਡੀਗੜ੍ਹ ਪੁਲਿਸ ਨੇ ਵਾਟਰ ਕੈਨਨ ਚਲਾਇਆ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਬੈਰੀਕੇਡ ਪਾਰ ਕਰਨ ਤੋਂ ਰੋਕਿਆ ਅਤੇ ਬਾਅਦ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਮੇਤ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਕਾਂਗਰਸ ਦੇ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਚੰਡੀਗੜ੍ਹ ਪਹੁੰਚੇ ਸਨ। ਪੁਲਿਸ ਨੇ ਪਹਿਲਾਂ ਹੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਦਿਆਂ ਬੈਰੀਕੇਡ ਲਗਾਏ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡਾਂ ’ਤੇ ਚੜ੍ਹ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਕਰੀਬ ਅੱਧੇ ਘੰਟੇ ਤੱਕ ਪੁਲਿਸ ਅਤੇ ਕਾਂਗਰਸੀਆਂ ਵਿਚਕਾਰ ਧੱਕਾ-ਮੁੱਕੀ ਵਾਲੀ ਸਥਿਤੀ ਬਣੀ ਰਹੀ, ਜਿਸ ਤੋਂ ਬਾਅਦ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਬੱਸਾਂ ਵਿੱਚ ਬਿਠਾ ਕੇ ਸੈਕਟਰ-11 ਥਾਣੇ ਲਿਜਾਇਆ।
ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਚੰਡੀਗੜ੍ਹ ਵਿੱਚ ਰੈਲੀ ਕੀਤੀ ਗਈ। ਇਸ ਦੌਰਾਨ ਰਾਜਾ ਵੜਿੰਗ ਸਮੇਤ ਕਈ ਆਗੂਆਂ ਨੇ ਪੰਜਾਬ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ’ਤੇ ਘੇਰਿਆ। ਰੈਲੀ ਤੋਂ ਬਾਅਦ ਆਗੂ ਅਤੇ ਵਰਕਰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਅੱਗੇ ਵਧੇ। ਪ੍ਰਦਰਸ਼ਨ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਟ੍ਰੈਫਿਕ ਜਾਮ ਦੀ ਸਥਿਤੀ ਵੀ ਬਣੀ। ਪੰਜਾਬ ਕਾਂਗਰਸ ਦਾ ਇੰਚਾਰਜ ਬਦਲੇ ਜਾਣ ਤੋਂ ਬਾਅਦ ਹੋਏ ਇਸ ਪ੍ਰਦਰਸ਼ਨ ਵਿੱਚ ਪਾਰਟੀ ਦੀ ਪੂਰੀ ਏਕਤਾ ਨਜ਼ਰ ਨਹੀਂ ਆਈ। ਚਰਨਜੀਤ ਸਿੰਘ ਚੰਨੀ ਸਮੇਤ ਕਈ ਵੱਡੇ ਆਗੂ ਪ੍ਰਦਰਸ਼ਨ ਤੋਂ ਗੈਰਹਾਜ਼ਰ ਰਹੇ। ਹਾਲਾਂਕਿ ਰਾਜਾ ਵੜਿੰਗ ਕਈ ਸੀਨੀਅਰ ਆਗੂਆਂ ਨੂੰ ਮੰਚ ’ਤੇ ਇਕੱਠਾ ਕਰਨ ਵਿੱਚ ਕਾਮਯਾਬ ਰਹੇ।