ਨਵੀਂ ਦਿੱਲੀ: ਬਰਤਾਨੀਆ ਵਿੱਚ ਪੂਰਬੀ ਲੰਡਨ ਦੇ ਇੱਕ ਭਾਰਤੀ ਰੈਸਟੋਰੈਂਟ ਵਿੱਚ ਅੱਗ ਲਗਾਉਣ ਦੇ ਮਾਮਲੇ ਵਿੱਚ 17 ਸਾਲਾ ਦੋ ਨਾਬਾਲਗਾਂ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਘਟਨਾ ਦੌਰਾਨ ਰੈਸਟੋਰੈਂਟ ਵਿੱਚ ਖਾਣਾ ਖਾ ਰਹੇ ਕਈ ਗਾਹਕ ਗੰਭੀਰ ਜ਼ਖ਼ਮੀ ਹੋਏ ਸਨ। ਲੰਡਨ ਦੀ ਓਲਡ ਬੇਲੀ ਅਦਾਲਤ ਨੂੰ ਦੱਸਿਆ ਗਿਆ ਕਿ ਦੋਵੇਂ ਨੌਜਵਾਨ ਅਗਸਤ 2025 ਵਿੱਚ ਗੈਂਟਸ ਹਿੱਲ ਸਥਿਤ ‘ਇੰਡੀਅਨ ਅਰੋਮਾ’ ਰੈਸਟੋਰੈਂਟ ਵਿੱਚ ਹਥਿਆਰ ਲੈ ਕੇ ਦਾਖਲ ਹੋਏ ਸਨ। ਉਸ ਸਮੇਂ ਰੈਸਟੋਰੈਂਟ ਵਿੱਚ ਅੱਠ ਗਾਹਕ ਮੌਜੂਦ ਸਨ। ਦੋ ਨੌਜਵਾਨਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ, ਜਦਕਿ ਉਨ੍ਹਾਂ ਨਾਲ ਆਏ ਤੀਜੇ ਵਿਅਕਤੀ ਨੇ ਰੈਸਟੋਰੈਂਟ ਦੇ ਅੰਦਰ ਫਰਸ਼ ਅਤੇ ਮੇਜ਼ਾਂ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ।
ਸਜ਼ਾ ਸੁਣਾਉਂਦੇ ਹੋਏ ਜੱਜ ਮਾਈਕਲ ਗਰੀਵ ਨੇ ਕਿਹਾ ਕਿ ਦੋਵੇਂ ਨੌਜਵਾਨ ਹਮਲੇ ਦੇ ਗੰਭੀਰ ਨਤੀਜਿਆਂ ਤੋਂ ਜਾਣੂ ਸਨ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਦਰਦਨਾਕ ਅਤੇ ਜ਼ਿੰਦਗੀ ਬਦਲ ਦੇਣ ਵਾਲੇ ਜ਼ਖ਼ਮ ਝੱਲਣੇ ਪਏ ਅਤੇ ਹਾਲਾਤ ਇਸ ਤੋਂ ਵੀ ਜ਼ਿਆਦਾ ਗੰਭੀਰ ਹੋ ਸਕਦੇ ਸਨ। ਅਦਾਲਤ ਨੇ ਦੋਵਾਂ ਨੂੰ 10-10 ਸਾਲ ਦੀ ਕੈਦ ਤੋਂ ਇਲਾਵਾ ਤਿੰਨ ਸਾਲ ਦੀ ਵਾਧੂ ਮਿਆਦ ਵਾਲੀ ਸਜ਼ਾ ਵੀ ਸੁਣਾਈ ਹੈ, ਜੋ ਸਖ਼ਤ ਸ਼ਰਤਾਂ ਤਹਿਤ ਹੋਵੇਗੀ। ਨਾਬਾਲਗ ਹੋਣ ਕਾਰਨ ਅਦਾਲਤ ਵੱਲੋਂ ਦੋਵਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਮਾਮਲੇ ਵਿੱਚ ਤੀਜੇ ਵਿਅਕਤੀ ਦੀ ਭੂਮਿਕਾ ਸਬੰਧੀ ਵੀ ਜਾਂਚ ਜਾਰੀ ਹੈ।