- 24 ਲੋਕ ਹਸਪਤਾਲ ’ਚ ਦਾਖਲ; ਮਰੀਜ਼ਾਂ ਦੇ ਸਰੀਰ ਪਏ ਨੀਲੇ
ਮੱਧ ਪ੍ਰਦੇਸ਼, 6 ਸਤੰਬਰ : ਮੱਧ ਪ੍ਰਦੇਸ਼ ਦੇ ਸਾਗਰ ’ਚ ਜ਼ਹਿਰੀਲੀ ਅਤੇ ਗੈਰ-ਕਾਨੂੰਨੀ ਸ਼ਰਾਬ ਪੀਣ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ ਕਲੈਕਟਰ ਨੇ 10 ਮੌਤਾਂ ਦੀ ਪੁਸ਼ਟੀ ਕੀਤੀ ਹੈ। ਕਰੀਬ 35 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿਨ੍ਹਾਂ ਵਿੱਚੋਂ 24 ਮਰੀਜ਼ ਹਾਲੇ ਇਲਾਜ ਅਧੀਨ ਹਨ। ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਸਾਗਰ ਦੀ ਸਹਾਇਕ ਆਬਕਾਰੀ ਕਮਿਸ਼ਨਰ ਕੀਰਤੀ ਦੁਬੇ, ਜ਼ਿਲ੍ਹਾ ਆਬਕਾਰੀ ਅਧਿਕਾਰੀ ਦਿਲੀਪ ਖੰਡਾਤੇ ਅਤੇ ਬੰਡਾ ’ਚ ਤਾਇਨਾਤ ਆਬਕਾਰੀ ਉਪ-ਨਿਰੀਖਕ ਰੋਸ਼ਨੀ ਉਰੇਤੇ ਨੂੰ ਸਸਪੈਂਡ ਕਰ ਦਿੱਤਾ ਹੈ।
ਨੌਰੋਜ਼ਾ ਤੇ ਘੁਘਰਾ ਖੁਰਦ ’ਚ ਹੋ ਰਹੀ ਸਕ੍ਰੀਨਿੰਗ
ਕਲੈਕਟਰ ਪ੍ਰਤਿਭਾ ਪਾਲ ਮੁਤਾਬਕ ਮਾਮਲਾ ਬੰਡਾ ਥਾਣਾ ਖੇਤਰ ਦੇ ਨੌਰੋਜ਼ਾ ਅਤੇ ਘੁਘਰਾ ਖੁਰਦ ਪਿੰਡਾਂ ਨਾਲ ਜੁੜਿਆ ਹੈ। ਸ਼ਨੀਵਾਰ ਸਵੇਰੇ ਕਰੀਬ ਸਾਢੇ 4 ਵਜੇ ਪਹਿਲੀ ਸੂਚਨਾ ਮਿਲੀ ਸੀ। ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਅਤੇ ਸ਼ਰਾਬ ਪੀਣ ਵਾਲੇ ਲੋਕਾਂ ਦੀ ਜਾਂਚ ਕਰਵਾਈ ਜਾ ਰਹੀ ਹੈ। ਲੱਛਣ ਮਿਲਣ ’ਤੇ ਮਰੀਜ਼ਾਂ ਨੂੰ ਬੁੰਦੈਲਖੰਡ ਮੈਡੀਕਲ ਕਾਲਜ ਭੇਜਿਆ ਜਾ ਰਿਹਾ ਹੈ।
ਮੌਤਾਂ ਦਾ ਕਾਰਨ ਮਿਥਾਈਲ ਅਲਕੋਹਲ ਹੋਣ ਦਾ ਸ਼ੱਕ
ਕਲੈਕਟਰ ਨੇ ਦੱਸਿਆ ਕਿ ਹੁਣ ਤੱਕ ਹੋਏ 2-3 ਪੋਸਟਮਾਰਟਮ ਦੀ ਮੁੱਢਲੀ ਜਾਂਚ ਵਿੱਚ ਮਿਥਾਈਲ ਅਲਕੋਹਲ ਦੇ ਸੇਵਨ ਦੀ ਸੰਭਾਵਨਾ ਸਾਹਮਣੇ ਆਈ ਹੈ। ਐਸਪੀ ਅਨੁਰਾਗ ਸੁਜਾਨੀਆ ਮੁਤਾਬਕ ਮੁੱਢਲੀ ਜਾਂਚ ਵਿੱਚ ਸ਼ਰਾਬ ਦੀ ਸਪਲਾਈ ਉੱਤਰ ਪ੍ਰਦੇਸ਼ ਦੇ ਲਲਿਤਪੁਰ ਤੋਂ ਹੋਣ ਦੀ ਗੱਲ ਸਾਹਮਣੇ ਆਈ ਹੈ। ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਲਲਿਤਪੁਰ ’ਚ ਵੀ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।
ਡਾਕਟਰਾਂ ਮੁਤਾਬਕ ਹਸਪਤਾਲ ਲਿਆਂਦੇ ਗਏ ਕਈ ਮਰੀਜ਼ਾਂ ਦੇ ਸਰੀਰ ਨੀਲੇ ਪੈ ਗਏ ਸਨ ਅਤੇ ਉਨ੍ਹਾਂ ਨੂੰ ਅਕੜਨ ਦੀ ਸ਼ਿਕਾਇਤ ਸੀ। ਪ੍ਰਸ਼ਾਸਨ ਵੱਲੋਂ ਬੁੰਦੈਲਖੰਡ ਮੈਡੀਕਲ ਕਾਲਜ ਵਿੱਚ ਸ਼ੱਕੀ ਮਰੀਜ਼ਾਂ ਲਈ ਵੱਖਰੇ ਬੈੱਡ ਰਾਖਵੇਂ ਕੀਤੇ ਗਏ ਹਨ। ਪੋਸਟਮਾਰਟਮ ਅਤੇ ਹੋਰ ਕਾਨੂੰਨੀ ਕਾਰਵਾਈ ਜਾਰੀ ਹੈ।